ਅਨੋਖਾ ਬੀਮਾ, ਸਕੂਲ ਬੱਚਿਆਂ ਦੀਆਂ 'ਬਦਮਾਸ਼ੀਆਂ' ਦਾ ਕੰਪਨੀ ਭਰੇਗੀ ਹਰਜਾਨਾ

05/26/2019 7:34:44 PM

ਟੋਕੀਓ— ਤੁਸੀਂ ਬੀਮਾ ਕੰਪਨੀਆਂ ਤੇ ਉਨ੍ਹਾਂ ਦੀਆਂ ਬੀਮਾ ਪਾਲਸੀਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ। ਇਹ ਬੀਮਾ ਕੰਪਨੀਆਂ ਆਮ ਕਰਕੇ ਸਿਹਤ, ਵਾਹਨ, ਯਾਤਰਾ ਤੇ ਘਰ ਦਾ ਬੀਮਾ ਕਰਦੀਆਂ ਹਨ। ਪਰ ਤੁਸੀਂ ਸ਼ਾਇਦ ਹੀ ਕਦੇ ਆਪਣੇ ਬੱਚਿਆਂ ਦੀਆਂ ਸ਼ਰਾਰਤਾਂ ਦੇ ਬੀਮੇ ਬਾਰੇ ਸੁਣਿਆ ਹੋਵੇਗਾ। ਜਾਪਾਨ ਦੇ ਯੇਲ ਕੰਪਨੀ ਬੱਚਿਆਂ ਲਈ ਅਜਿਹਾ ਬੀਮਾ ਕਰ ਰਹੀ ਹੈ, ਜਿਸ 'ਚ ਬੱਚੇ ਦੀ ਬਦਮਾਸ਼ੀ ਦਾ ਬੀਮਾ ਕੀਤਾ ਜਾਵੇਗਾ। ਕੰਪਨੀ ਬੀਮਾਧਾਰਕਾਂ ਦੇ ਬੱਚਿਆਂ ਦਾ ਖਿਆਲ ਰੱਖੇਗੀ।

ਬੀਮਾ ਤਹਿਤ ਕੰਪਨੀ ਬੱਚਿਆਂ ਵਲੋਂ ਸਕੂਲ 'ਚ ਕੀਤੀ ਗਈ ਭੰਨ੍ਹ-ਤੋੜ ਦਾ ਹਰਜਾਨਾ ਦੇਵੇਗੀ। ਜੇਕਰ ਬੱਚਿਆਂ ਨੂੰ ਸਕੂਲ 'ਚ ਇਕ-ਦੂਜੇ ਨਾਲ ਲੜਨ 'ਤੇ ਸੱਟ ਲੱਗਦੀ ਹੈ ਤਾਂ ਉਸ ਦੇ ਇਲਾਜ ਦਾ ਖਰਚਾ ਵੀ ਕੰਪਨੀ ਚੁੱਕੇਗੀ। ਸਿਰਫ ਇੰਨਾਂ ਹੀ ਨਹੀਂ ਜੇਕਰ ਬੱਚਿਆਂ ਨੂੰ ਸਕੂਲ ਜਾਂ ਕਿਸੇ ਹੋਰ ਬੱਚੇ ਦੇ ਮਾਪਿਆਂ ਵਲੋਂ ਮਾਮਲਾ ਦਰਜ ਹੋਣ 'ਤੇ ਅਦਾਲਤ ਵੀ ਜਾਣਾ ਪੈਂਦਾ ਹੈ ਤਾਂ ਉਸ ਦੀ ਫੀਸ ਵੀ ਕੰਪਨੀ ਅਦਾ ਕਰੇਗੀ। ਮਾਪਿਆਂ ਨੂੰ ਇਸ ਬੀਮੇ ਲਈ ਹਰ ਮਹੀਨੇ 1665 ਰੁਪਏ ਭਰਨੇ ਹੋਣਗੇ।

ਕੰਪਨੀ ਦਾ ਦਾਅਵਾ ਹੈ ਕਿ ਉਹ ਅਜਿਹਾ ਬੀਮਾ ਦੇਣ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਹੈ। ਜਾਪਾਨ ਦੇ ਸਿੱਖਿਆ, ਸੰਸਕ੍ਰਿਤੀ, ਖੇਡ, ਵਿਗਿਆਨ ਤੇ ਤਕਨੀਕੀ ਮੰਤਰਾਲਾ ਦੀ ਰਿਸਰਚ ਮੁਤਾਬਕ 2017 'ਚ ਪ੍ਰਾਈਮਰੀ, ਮਿਡਲ ਤੇ ਕਾਲਜ 'ਚ ਬੱਚਿਆਂ ਦੀ ਬਦਮਾਸ਼ੀ ਨਾਲ ਜੁੜੇ 4.1 ਲੱਖ ਮਾਮਲੇ ਆਏ ਸਨ। ਉਥੇ ਹੀ 2018 'ਚ ਇਹ ਗਿਣਤੀ ਵਧ ਕੇ ਪੰਜ ਲੱਖ ਹੋ ਗਈ। ਜਿਸ 'ਚ ਕਰੀਬ ਢਾਈ ਲੱਖ ਮਾਮਲੇ ਗੰਭੀਰ ਸਨ।

ਇਹ ਮਾਮਲੇ ਅਜਿਹੇ ਸਨ, ਜਿਸ 'ਚ ਬੱਚਿਆਂ ਦੀਆਂ ਬਦਮਾਸ਼ੀਆਂ ਨੇ ਹਿੰਸਕ ਰੂਪ ਲੈ ਲਿਆ ਸੀ। ਇਹ ਮਾਮਲੇ ਅਦਾਲਤ ਪਹੁੰਚੇ। ਉਥੇ ਯੇਲ ਕੰਪਨੀ ਦਾ ਮੰਨਣਾ ਹੈ ਕਿ ਇਹ ਬੀਮਾ ਖਰੀਦਣ ਵਾਲੇ ਮਾਤਾ-ਪਿਤਾ ਨੂੰ ਬੱਚਿਆਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਸਮੇਂ-ਸਮੇਂ 'ਤੇ ਮਾਤਾ-ਪਿਤਾ ਕੰਪਨੀ ਦੇ ਵਕੀਲ ਤੇ ਮਾਹਰਾਂ ਦੀ ਸਲਾਹ ਲੈ ਸਕਦੇ ਹਨ।

ਆਪਣੇ ਅਨੋਖੇ ਬੀਮੇ ਦੇ ਕਾਰਨ ਕੰਪਨੀ ਦੇਸ਼ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਥੇ ਕੁਝ ਮਾਪੇ ਇਸ ਬੀਮੇ ਨਾਲ ਖੁਸ਼ ਹਨ ਤਾਂ ਕੁਝ ਨੇ ਇਸ ਦਾ ਵਿਰੋਧ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਇਹ ਬੀਮਾ ਦੇ ਕੇ ਬੱਚਿਆਂ ਦੀਆਂ ਬਦਮਾਸ਼ੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਮਾ ਲੈਣ ਤੋਂ ਬਾਅਦ ਮਾਤਾ-ਪਿਤਾ ਬੱਚਿਆਂ ਦੀ ਦੇਖਭਾਲ ਕਰਨਾ ਛੱਡ ਦੇਣਗੇ। ਜਿਸ ਦਾ ਬੱਚਿਆਂ 'ਤੇ ਬੁਰਾ ਅਸਰ ਪਵੇਗਾ।


Baljit Singh

Content Editor

Related News