ਭਾਰਤ-ਅਮਰੀਕਾ ''ਚ ''2+2'' ਗੱਲਬਾਤ, ਰੱਖਿਆ ਤੇ ਵਿਦੇਸ਼ ਮੰਤਰੀ ਹੋਣਗੇ ਸ਼ਾਮਲ
Wednesday, Feb 07, 2018 - 05:00 PM (IST)
ਵਾਸ਼ਿੰਗਟਨ (ਬਿਊਰੋ)— ਇਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਅਤੇ ਵਿਦੇਸ਼ ਮੰਤਰਾਲੇ ਵਿਚਕਾਰ '2+2' ਭਾਰਤ-ਅਮਰੀਕਾ ਗੱਲਬਾਤ ਹੋਣ ਜਾ ਰਹੀ ਹੈ। ਜੂਨ 2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਵ੍ਹਾਈਟ ਹਾਊਸ ਵਿਚ ਹੋਈ ਬੈਠਕ ਮਗਰੋਂ '2+2' ਗੱਲਬਾਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਗੱਲਬਾਤ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੇ ਨਾਲ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਸ਼ਾਮਲ ਹੋਣਗੇ। ਭਾਰਤ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਵਧਾਉਣ ਲਈ ਟਰੰਪ ਅਤੇ ਮੋਦੀ '2+2' ਮੰਤਰੀ ਗੱਲਬਾਤ 'ਤੇ ਸਹਿਮਤ ਹੋਏ ਸਨ। ਅਫਗਾਨਿਸਤਾਨ 'ਤੇ ਚਰਚਾ ਦੌਰਾਨ ਡਿਪਟੀ ਸੈਕਟਰੀ ਜੌਨ ਸੁਲਵਿਨ ਨੇ ਸੈਨੇਟ ਵਿਦੇਸ਼ ਸੰਬੰਧੀ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ,''ਵਾਸ਼ਿੰਗਟਨ ਵਿਚ ਅਸੀਂ ਭਾਰਤ ਨਾਲ '2+2' ਗੱਲਬਾਤ ਕਰਾਂਗੇ, ਜਦੋਂ ਸਕੱਤਰ ਟਿਲਰਸਨ ਅਤੇ ਮੈਟਿਸ ਆਪਣੇ ਭਾਰਤੀ ਹਮਰੁਤਬਾ ਨਾਲ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਹਾਲਾਂਕਿ ਇਹ ਮੁਲਾਕਾਤ ਕਦੋਂ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
