ਯੂਰਪ ’ਚ ਮਹਿੰਗਾਈ ਦਰ 2.2 ਪ੍ਰਤੀਸ਼ਤ ਤੱਕ ਹੇਠਾਂ ਆਈ, ਵਿਆਜ ਦਰਾਂ ’ਚ ਕਟੌਤੀ ਦਾ ਰਾਹ ਹੋਇਆ ਪੱਧਰਾ
Saturday, Aug 31, 2024 - 03:45 PM (IST)

ਫਰੈਂਕਫਰਟ (ਜਰਮਨੀ) (ਭਾਸ਼ਾ) - ਯੂਰੋ ਦੀ ਵਰਤੋਂ ਕਰਨ ਵਾਲੇ ਯੂਰਪੀਅਨ ਯੂਨੀਅਨ (ਈ. ਯੂ.) ਦੇ 20 ਦੇਸ਼ਾਂ ’ਚ ਮਹਿੰਗਾਈ ਅਗਸਤ ’ਚ ਤੇਜ਼ੀ ਨਾਲ ਡਿੱਗ ਕੇ 2.2 ਪ੍ਰਤੀਸ਼ਤ ’ਤੇ ਆ ਗਈ ਹੈ। ਇਸ ਨਾਲ ਯੂਰਪੀਅਨ ਸੈਂਟਰਲ ਬੈਂਕ (ਈ. ਸੀ. ਬੀ.) ਲਈ ਵਿਆਜ ਦਰਾਂ ’ਚ ਕਟੌਤੀ ਦਾ ਰਾਹ ਖੁੱਲ੍ਹ ਗਿਆ ਹੈ।
ਈ. ਯੂ. ਦੀ ਅੰਕੜਾ ਏਜੰਸੀ ‘ਯੂਰੋਸਟੈਟ’ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਸਤ ਮਹੀਨੇ ਦਾ ਅੰਕੜਾ ਜੁਲਾਈ ਦੇ ਮੁਕਾਬਲੇ 2.6 ਫੀਸਦੀ ਤੋਂ ਘੱਟ ਹੈ। ਅਗਸਤ ’ਚ ਊਰਜਾ ਦੀਆਂ ਕੀਮਤਾਂ ’ਚ 3 ਪ੍ਰਤੀਸ਼ਤ ਦੀ ਗਿਰਾਵਟ ਆਈ, ਜਿਸ ਨਾਲ ਸਮੁੱਚੇ ਅੰਕੜੇ ਨੂੰ ਹੇਠਾਂ ਖਿੱਚਣ ’ਚ ਮਦਦ ਮਿਲੀ, ਜਦਕਿ ਯੂਰੋ ਜ਼ੋਨ ਦੀ ਸਭ ਤੋਂ ਵੱਡੀ ਅਰਥਵਿਵਸਥਾ ਜਰਮਨੀ ’ਚ ਮਹਿੰਗਾਈ ਘਟ ਕੇ 2 ਪ੍ਰਤੀਸ਼ਤ ’ਤੇ ਆ ਗਈ ਹੈ। ਮਹੀਨਾਵਾਰ ਡਾਟਾ ਹੁਣ ਈ. ਸੀ. ਬੀ. ਦੇ 2 ਪ੍ਰਤੀਸ਼ਤ ਦੇ ਟੀਚੇ ਦੇ ਨੇੜੇ ਹੈ, ਜੋ ਅਰਥਵਿਵਸਥਾ ਲਈ ਸਭ ਤੋਂ ਵਧੀਆ ਮੰਨਿਆ ਜਾਣ ਵਾਲਾ ਪੱਧਰ ਹੈ।