ਇੰਡੋਨੇਸ਼ੀਆ ''ਚ ਫਟਿਆ ਜਵਾਲਾਮੁਖੀ, 30 ਕਿਲੋਮੀਟਰ ਦੂਰ ਪਹੁੰਚੀ ਸਵਾਹ (ਵੀਡੀਓ)
Monday, Aug 10, 2020 - 06:29 PM (IST)

ਜਕਾਰਤਾ (ਬਿਊਰੋ): ਕਰੀਬ ਇਕ ਸਾਲ ਤੱਕ ਸ਼ਾਂਤ ਰਹਿਣ ਦੇ ਬਾਅਦ ਇੰਡੋਨੇਸ਼ੀਆ ਦਾ ਮਸ਼ਹੂਰ ਮਾਊਂਟ ਸਿਨਾਬੁੰਗ ਜਵਾਲਾਮੁਖੀ ਫੁੱਟ ਪਿਆ ਹੈ। ਇਸ ਕਾਰਨ ਕਰੀਬ 2 ਕਿਲੋਮੀਟਰ ਉੱਚਾਈ ਤੱਕ ਸਵਾਹ ਉੱਠ ਰਹੀ ਹੈ। ਇੰਡੋਨੇਸ਼ੀਆ ਸਰਕਾਰ ਨੇ ਤੀਜੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਹੈ। ਧਮਾਕੇ ਨੂੰ ਦੇਖਦੇ ਹੋਏ ਯਾਤਰੀ ਜਹਾਜ਼ਾਂ ਨੂੰ ਐਲਰਟ ਕਰ ਦਿੱਤਾ ਗਿਆ ਹੈ। ਇਸ ਜਵਾਲਾਮੁਖੀ ਤੋਂ ਨਿਕਲੀ ਸਵਾਹ 30 ਕਿਲੋਮੀਟਰ ਦੂਰ ਬੇਰਾਸਤਗੀ ਤੱਕ ਪਹੁੰਚ ਗਈ ਹੈ।
ਸਮਾਚਾਰ ਏਜੰਸੀ ਰਾਇਟਰਜ਼ ਦੀ ਮੰਨੀਏ ਤਾਂ ਜਵਾਲਾਮੁਖੀ ਨੇ ਸ਼ਨੀਵਾਰ ਦੇਰ ਰਾਤ ਤੱਕ ਸਵਾਹ ਕੱਢਣੀ ਸ਼ੁਰੂ ਕਰ ਦਿੱਤੀ ਸੀ। ਇਹ ਕਰੀਬ ਇਕ ਘੰਟੇ ਤੱਕ ਜਾਰੀ ਰਿਹਾ। ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਇਸ ਜਵਾਲਾਮੁਖੀ ਦੇ ਪਹਾੜੀ ਖੇਤਰ ਦੇ 3 ਕਿਲੋਮੀਟਰ ਦੇ ਦਾਇਰੇ ਤੋਂ ਦੂਰ ਰਹਿਣ ਲਈ ਕਿਹਾ ਹੈ।
Breaking: Mount Sinabung Volcano in Sumatra, Indonesia, has erupted. pic.twitter.com/j7oKA6nr0g
— PM Breaking News (@PMBreakingNews) August 10, 2020
ਜਵਾਲਾਮੁਖੀ ਤੋਂ ਨਿਕਲ ਰਹੀ ਸਵਾਹ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਵਾਲਾਮੁਖੀ ਤੋਂ 5 ਕਿਲੋਮੀਟਰ ਦੂਰ ਰਹਿਣ ਵਾਲੇ ਲੋਕਾਂ ਨੇ ਇਸ ਦੀ ਜ਼ਬਰਦਸਤ ਆਵਾਜ਼ ਨੂੰ ਸੁਣਿਆ। ਦੱਸਿਆ ਜਾ ਰਿਹਾ ਹੈ ਕਿ ਜਵਾਲਾਮੁਖੀ ਦੇ ਧਮਾਕੇ ਨਾਲ 4 ਜ਼ਿਲ੍ਹੇ ਕਾਫੀ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਮਾਸਕ ਅਤੇ ਬਚਾਅ ਦਾ ਸਾਮਾਨ ਮੁਹੱਈਆ ਕਰਵਾਇਆ ਹੈ।
ਧਮਾਕੇ ਨੂੰ ਦੇਖਦੇ ਹੋਏ ਤੀਜੇ ਪੱਧਰ ਦਾ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰੀ ਇਸ ਸਥਿਤੀ ਨੂੰ ਦੇਖਦੇ ਹੋਏ ਕਾਫੀ ਸਾਵਧਾਨੀ ਵਰਤ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਹੋਰ ਸਵਾਹ ਕੱਢ ਸਕਦਾ ਹੈ। ਪਰ ਹੁਣ ਤੱਕ ਜਵਾਲਾਮੁਖੀ ਵਿਚ ਧਮਾਕੇ ਦੇ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।ਉਂਝ ਜਵਾਲਾਮੁਖੀ ਵਿਚ ਧਮਾਕਾ ਹੋਣ ਨਾਲ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।