ਇਸ ਅਪਾਹਜ ਬੱਚੇ ਦੇ ਹੌਸਲੇ ਨੂੰ ਸਲਾਮ, ਰਾਸ਼ਟਰਪਤੀ ਵੀ ਹੋਏ ਮੁਰੀਦ

12/10/2018 12:24:21 PM

ਜਕਾਰਤਾ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤੀ ਮਨੁੱਖ ਨੂੰ ਕੋਈ ਮੁਸ਼ਕਲ ਜਾਂ ਕਮੀ ਕਦੇ ਰੋਕ ਨਹੀਂ ਸਕਦੀ। ਇਹ ਕਮੀ ਭਾਵੇਂ ਸਰੀਰਕ ਤੌਰ 'ਤੇ ਹੀ ਕਿਉਂ ਨਾ ਹੋਵੇ। ਬਹਾਦੁਰੀ ਦੀ ਅਜਿਹੀ ਉਦਾਹਰਨ ਪੇਸ਼ ਕਰਦਾ ਇੰਡੋਨੇਸ਼ੀਆ ਦਾ ਇਕ 8 ਸਾਲ ਦਾ ਬੱਚਾ ਹੈ। ਇਸ ਬੱਚੇ ਦੀ ਹਿੰਮਤ ਬਾਰੇ ਜਾਣ ਤੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਬੱਚੇ ਵਿਚ ਸਕੂਲ ਜਾਣ ਦਾ ਅਜਿਹਾ ਜਜ਼ਬਾ ਹੈ ਕਿ ਉਹ ਰੋਜ਼ਾਨਾ 3 ਕਿਲੋਮੀਟਰ ਹੱਥਾਂ ਦੇ ਸਹਾਰੇ ਚੱਲ ਕੇ ਸਕੂਲ ਜਾਂਦਾ ਹੈ। ਅਬਦੁੱਲ ਖੋਲਿਕ ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਦੇ ਸੁਕਾਬੁਮੀ ਸ਼ਹਿਰ ਦੇ ਇਕ ਪਿੰਡ ਵਿਚ ਆਪਣੇ ਗਰੀਬ ਪਰਿਵਾਰ ਦੇ ਨਾਲ ਰਹਿੰਦਾ ਹੈ। ਅਬਦੁੱਲ ਨੂੰ ਪਿਆਰ ਨਾਲ ਲੋਕ ਅਦੁਲ ਬੁਲਾਉਂਦੇ ਹਨ। 

ਅਦੁਲ 3 ਦਸੰਬਰ ਨੂੰ ਉਦੋਂ ਸੁਰਖੀਆਂ ਵਿਚ ਆਇਆ ਜਦੋਂ ਸਕੂਲ ਜਾਣ ਦਾ ਉਸ ਦਾ ਇਕ ਵੀਡੀਓ ਸਾਹਮਣੇ ਆਇਆ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਵੀ ਉਸ ਦੀ ਹਿੰਮਤ ਦੇ ਮੁਰੀਦ ਹੇ ਗਏ ਅਤੇ ਉਨ੍ਹਾਂ ਨੇ ਉਸ ਨਾਲ ਮੁਲਾਕਾਤ ਕੀਤੀ। ਜਮਾਂਦਰੂ ਬੀਮਾਰੀ ਕਾਰਨ ਅਦੁਲ ਦੋਹਾਂ ਪੈਰਾਂ ਤੋਂ ਅਪਾਹਜ ਹੈ ਅਤੇ ਹੱਥਾਂ ਵਿਚ ਚੱਪਲ ਪਹਿਨ ਕੇ ਗੋਡਿਆਂ ਭਾਰ ਚੱਲ ਕੇ ਸਕੂਲ ਜਾਂਦਾ ਹੈ। ਅਦੁਲ ਦੇ ਪਿੰਡ ਤੋਂ ਸਕੂਲ ਜਾਣ ਲਈ ਨਾ ਤਾਂ ਸੜਕ ਹੈ ਅਤੇ ਨਾ ਹੀ ਬੱਸ ਸੇਵਾ। ਉਹ ਹੱਥਾਂ ਵਿਚ ਚੱਪਲ ਪਹਿਨ ਕੇ ਰੋਜ਼ਾਨਾ ਉੱਚੇ-ਨੀਵੇ ਪਹਾੜੀ ਰਸਤਿਆਂ 'ਤੇ ਹੱਥਾਂ ਦੇ ਸਹਾਰੇ ਚੱਲ ਕੇ ਸਕੂਲ ਜਾਂਦਾ ਹੈ। ਅਦੁਲ ਨੂੰ ਪੜ੍ਹਾਉਣ ਵਾਲੇ ਅਧਿਆਪਕ ਵੀ ਉਸ ਦੀ ਪੜ੍ਹਨ ਦੀ ਜ਼ਬਰਦਸਤ ਇੱਛਾ ਸ਼ਕਤੀ ਦੇਖ ਕੇ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਦੁਲ ਸਕੂਲ ਦੇ ਸਾਰੇ ਬੱਚਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਵਿਦਿਆਰਥੀ ਹੈ। ਸਕੂਲ ਦੇ ਪ੍ਰਿੰਸੀਪਲ ਏ.ਪੀ. ਮੁਲਯਾਦੀ ਨੇ ਕਿਹਾ ਕਿ ਅਦੁਲ ਪੂਰਾ ਦਿਨ ਬਹੁਤ ਚੁਸਤ ਰਹਿੰਦਾ ਹੈ।


Vandana

Content Editor

Related News