ਇੰਡੋਨੇਸ਼ੀਆ : ਗੁੱਸੇ 'ਚ ਆਈ ਭੀੜ ਨੇ ਮਾਰੇ 300 ਮਗਰਮੱਛ

07/16/2018 1:45:48 PM

ਸੋਰੋਂਗ,(ਭਾਸ਼ਾ)— ਇੰਡੋਨੇਸ਼ੀਆ 'ਚ ਮਗਰਮੱਛਾਂ ਦਾ ਸ਼ਿਕਾਰ ਬਣੇ ਇਕ ਵਿਅਕਤੀ ਦੀ ਮੌਤ ਦਾ ਬਦਲਾ ਲੈਣ ਲਈ ਗੁੱਸੇ 'ਚ ਆਈ ਭੀੜ ਨੇ ਤਕਰੀਬਨ 300 ਮਗਰਮੱਛਾਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬਦਲੇ ਦੀ ਅੱਗ 'ਚ ਮਗਰਮੱਛਾਂ ਨੂੰ ਮਾਰਨ ਦੀ ਇਹ ਘਟਨਾ ਸ਼ਨੀਵਾਰ ਨੂੰ ਪਾਪੁਆ ਸੂਬੇ 'ਚ ਵਿਅਕਤੀ ਦੇ ਅੰਤਿਮ ਸੰਸਕਾਰ ਦੇ ਬਾਅਦ ਵਾਪਰੀ। ਪੁਲਸ ਅਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੁਗਿਟੋ ਨਾਂ ਦਾ ਵਿਅਕਤੀ ਆਪਣੇ ਪਸ਼ੂਆਂ ਲਈ ਪੱਠੇ ਲੈਣ ਗਿਆ ਸੀ ਅਤੇ ਇਸ ਦੌਰਾਨ ਉਹ ਮਗਰਮੱਛਾਂ ਦੇ ਬਾੜੇ 'ਚ ਫਸ ਗਿਆ। ਉਨ੍ਹਾਂ ਨੇ ਦੱਸਿਆ ਕਿ ਮਗਰਮੱਛ ਨੇ ਸੁਗਿਟੋ ਦੇ ਇਕ ਪੈਰ ਨੂੰ ਕੱਟ ਲਿਆ ਸੀ ਅਤੇ ਮਗਰਮੱਛ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਕਰਕੇ ਉਸ ਦੀ ਮੌਤ ਹੋ ਗਈ। 
ਅਧਿਕਾਰੀਆਂ ਨੇ ਦੱਸਿਆ ਕਿ ਆਬਾਦੀ ਵਾਲੇ ਇਲਾਕੇ ਕੋਲ ਫਾਰਮ ਦੀ ਮੌਜੂਦਗੀ ਨੂੰ ਲੈ ਕੇ ਲੋਕ ਗੁੱਸੇ 'ਚ ਆ ਗਏ। ਸੁਗਿਟੋ ਦੇ ਰਿਸ਼ਤੇਦਾਰ ਅਤੇ ਸਥਾਨਕ ਨਿਵਾਸੀ ਸਥਾਨਕ ਪੁਲਸ ਥਾਣੇ ਪੁੱਜੇ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਫਾਰਮ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੈ ਪਰ ਲੋਕ ਬਹੁਤ ਗੁੱਸੇ 'ਚ ਸਨ । ਉਹ ਚਾਕੂ, ਛੁਰੇ ਅਤੇ ਖੁਰਪੇ ਲੈ ਕੇ ਫਾਰਮ 'ਚ ਪੁੱਜ ਗਏ ਅਤੇ ਮਗਰਮੱਛਾਂ ਨੂੰ ਮਾਰਨ ਲੱਗ ਗਏ। ਉਨ੍ਹਾਂ ਨੇ 4 ਇੰਚ ਲੰਬੇ ਮਗਰਮੱਛਾਂ ਦੇ ਬੱਚਿਆਂ ਤੋਂ 2 ਮੀਟਰ ਤਕ ਲੰਬੇ ਮਗਰਮੱਛਾਂ ਨੂੰ ਮਾਰ ਦਿੱਤਾ। ਇੱਥੇ ਕੁੱਲ 292 ਮਗਰਮੱਛਾਂ ਨੂੰ ਮਾਰ ਦਿੱਤਾ ਗਿਆ। ਪੁਲਸ ਅਤੇ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਇਸ ਭੀੜ ਨੂੰ ਰੋਕ ਸਕਣ 'ਚ ਅਸਮਰਥ ਸਨ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ ਅਤੇ ਅਪਰਾਧਕ ਦੋਸ਼ ਵੀ ਤੈਅ ਕੀਤੇ ਜਾ ਸਕਦੇ ਹਨ। ਇੰਡੋਨੇਸ਼ੀਆ 'ਚ ਮਗਰਮੱਛਾਂ ਦੀਆਂ ਕਈ ਪ੍ਰਜਾਤੀਆਂ ਸਮੇਤ ਵੱਖ-ਵੱਖ ਜੰਗਲੀ ਜੀਵ ਪਾਏ ਜਾਂਦੇ ਹਨ। ਇੱਥੇ ਮਗਰਮੱਛਾਂ ਨੂੰ ਸੁਰੱਖਿਅਤ ਜਾਨਵਰ ਮੰਨਿਆ ਜਾਂਦਾ ਹੈ।


Related News