ਇੰਡੋਨੇਸ਼ੀਆ : ਕੋਰੋਨਾ ਪੀੜਤ ਹੋਣ ਦੀ ਗੱਲ ਲੁਕਾਉਣ ''ਤੇ ਧਾਰਮਿਕ ਆਗੂ ਨੂੰ ਜੇਲ੍ਹ

Thursday, Jun 24, 2021 - 06:24 PM (IST)

ਇੰਡੋਨੇਸ਼ੀਆ : ਕੋਰੋਨਾ ਪੀੜਤ ਹੋਣ ਦੀ ਗੱਲ ਲੁਕਾਉਣ ''ਤੇ ਧਾਰਮਿਕ ਆਗੂ ਨੂੰ ਜੇਲ੍ਹ

ਜਕਾਰਤਾ (ਭਾਸ਼ਾ): ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਗੱਲ ਲੁਕਾਉਣ ਦੇ ਮਾਮਲੇ ਵਿਚ ਇੰਡੋਨੇਸ਼ੀਆ ਦੇ ਪ੍ਰਭਾਵਸ਼ਾਲੀ ਧਾਰਮਿਕ ਆਗੂ ਮੁਹੰਮਦ ਰਿਜਿਕ ਸ਼ਿਹਾਬ ਨੂੰ ਵੀਰਵਾਰ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਈਸਟ ਜਕਾਰਤਾ ਡ੍ਰਿਸਟ੍ਰਿਕਟ ਕੋਰਟ ਦੇ ਤਿੰਨ ਜੱਜਾਂ ਦੇ ਇਕ ਪੈਨਲ ਨੇ ਕਿਹਾ ਕਿ ਸ਼ਿਹਾਬ ਨੇ ਆਪਣੀ ਕੋਵਿਡ-19 ਜਾਂਚ ਰਿਪੋਰਟ ਦੇ ਸੰਬੰਧ ਵਿਚ ਝੂਠ ਬੋਲਿਆ ਸੀ ਜਿਸ ਨਾਲ ਉਹਨਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਵਿਚ ਪਰੇਸ਼ਾਨੀ ਆਈ। ਉਹ 13 ਦਸੰਬਰ ਤੋਂ ਹੀ ਹਿਰਾਸਤ ਵਿਚ ਹਨ। 

ਜੱਜਾਂ ਨੇ ਕਿਹਾ ਕਿ ਜਿੰਨਾ ਸਮਾਂ ਉਹ ਜੇਲ੍ਹ ਵਿਚ ਰਹਿ ਚੁੱਕੇ ਹਨ ਉਹ ਉਹਨਾਂ ਦੀ ਸਜ਼ਾ ਵਿਚੋਂ ਘੱਟ ਕਰ ਦਿੱਤਾ ਜਾਵੇਗਾ। ਫ਼ੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਭਾਰੀ ਪੁਲਸ ਬਲ ਅਤੇ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਸਿਹਾਬ ਦੀ ਰਿਹਾਈ ਦੀ ਮੰਗ ਕਰਦਿਆਂ ਉਹਨਾਂ ਦੇ ਹਜ਼ਾਰਾਂ ਸਮਰਥਕਾਂ ਨੇ ਉੱਥੇ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਅਧਿਕਾਰੀਆਂ ਨੂੰ ਅਦਾਲਤ ਵਿਚ ਆਉਣ ਵਾਲੇ ਰਸਤਿਆਂ ਨੂੰ ਬੰਦ ਕਰਨਾ ਪਿਆ। ਪੁਲਸ ਨੇ ਉਹਨਾਂ ਦੇ ਸਮਰਥਕਾਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੌਛਾੜਾਂ ਵੀ ਕੀਤੀਆਂ।

ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ 'ਚ ਮੁੜ ਦਰਜ ਹੋਈਆਂ 5 ਮੌਤਾਂ ਤੇ 2989 ਨਵੇਂ ਕੋਰੋਨਾ ਕੇਸ 

ਗੌਰਤਲਬ ਹੈ ਕਿ ਪਿਛਲੇ ਨਵੰਬਰ ਵਿਚ ਸਾਊਦੀ ਅਰਬ ਵਿਚ ਤਿੰਨ ਸਾਲ ਦੀ ਜਲਾਵਤਨੀ ਤੋਂ ਪਰਤਣ ਮਗਰੋਂ ਸ਼ਿਹਾਬ 'ਤੇ ਕਈ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ। ਇਸੇ ਅਦਾਲਤ ਨੇ ਆਪਣੀ ਬੇਟੀ ਦੇ ਵਿਆਹ ਅਤੇ ਧਾਰਮਿਕ ਸਮਾਗਮਾਂ ਵਿਚ ਲੋਕ ਇਕੱਠੇ ਕਰ ਕੇ ਕੋਵਿਡ-19 ਦੌਰਾਨ ਸਿਹਤ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 27 ਮਈ ਨੂੰ ਉਹਨਾਂ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਸੀ। ਉਕਤ ਮੁਲਾਕਾਤਾਂ ਦੇ ਬਾਅਦ ਹੀ ਬੋਗੋਰ ਦੇ 'ਉੰਮੀ ਹਸਪਤਾਲ' ਵਿਚ ਉਹਨਾਂ ਦਾ ਕੋਵਿਡ-19 ਦਾ ਇਲਾਜ ਕੀਤਾ ਗਿਆ ਪਰ ਹਸਪਤਾਲ ਅਧਿਕਾਰੀਆਂ ਨੇ ਉਹਨਾਂ ਦੀ ਸਿਹਤ ਨਾਲ ਜੁੜੀਆਂ ਜਾਣਕਾਰੀਆਂ ਗੁਪਤ ਰੱਖੀਆਂ। ਮੁਕੱਦਮੇ ਵਿਚ ਕਿਹਾ ਗਿਆ ਸੀ ਕਿ ਸ਼ਿਹਾਬ ਨੇ ਸਿਹਤਮੰਦ ਹੋਣ ਦੀ ਗਲਤ ਜਾਣਕਾਰੀ ਦਿੱਤੀ, ਜੋ ਖ਼ਬਰ ਕਈ ਨਿਊਜ਼ ਮੰਚਾਂ 'ਤੇ ਦਿਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ। 

ਪੜ੍ਹੋ ਇਹ ਅਹਿਮ ਖਬਰ - ਇਜ਼ਰਾਈਲ ਦੀ ਨਵੀਂ ਸਰਕਾਰ ਨੇ ਪਹਿਲੀ ਬਸਤੀ ਦੇ ਨਿਰਮਾਣ ਦੀ ਦਿੱਤੀ ਮਨਜ਼ੂਰੀ


author

Vandana

Content Editor

Related News