ਇੰਡੋਨੇਸ਼ੀਆ : ਭਿਆਨਕ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 222
Sunday, Dec 23, 2018 - 08:17 PM (IST)

ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਵਿਚ ਆਈ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 222 ਹੋ ਗਈ ਹੈ, ਜਦੋਂ ਕਿ 800 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਾਸ਼ਟਰੀ ਆਪਦਾ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਸੁਤੋਪੋ ਪੂਰਬੋ ਨੁਗ੍ਰੋਹੋ ਨੇ ਦੱਸਿਆ ਕਿ ਆਪਦਾ ਵਿਚ 222 ਲੋਕਾਂ ਦੀ ਮੌਤ ਹੋ ਗਈ, 843 ਲੋਕ ਜ਼ਖਮੀ ਹੋ ਗਏ ਅਤੇ 28 ਲੋਕ ਲਾਪਤਾ ਹਨ। ਏਜੰਸੀ ਨੇ ਦੱਸਿਆ ਕਿ ਅਨਾਕ ਕ੍ਰਾਕਾਟੋਆ ਜਾਂ ਕ੍ਰਾਕਾਟੋਆ ਦਾ ਬੱਚਾ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਦੱਖਣੀ ਸੁਮਾਤਰਾ ਅਤੇ ਪੱਛਮੀ ਜਾਵਾ ਨੇੜੇ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤਟਾਂ ਨੂੰ ਲੰਘਦੀਆਂ ਹੋਈਆਂ ਅੱਗੇ ਵਧੀਆਂ।
ਇਸ ਨਾਲ ਸੈਂਕੜੇ ਮਕਾਨ ਤਬਾਹ ਹੋ ਗਏ। ਲੋਕਾਂ ਨੂੰ ਬਚਾਉਣ ਲਈ ਖੋਜ ਅਤੇ ਬਚਾਅ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਭੂ-ਵਿਗਿਆਨੀ ਏਜੰਸੀ ਦੇ ਵਿਗਿਆਨੀਆਂ ਨੇ ਕਿਹਾ ਕਿ ਅਨਾਕ ਕ੍ਰਾਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਮੁੰਦਰ ਹੇਠਾਂ ਮਚੀ ਤੀਬਰਤ ਹਲਚਲ ਸੁਨਾਮੀ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਨੇ ਲਹਿਰਾਂ ਦੇ ਉਫਾਨ ਕਾਰਨ ਪੂਰਨਿਮਾ ਦੇ ਚੰਦਰਮਾ ਨੂੰ ਵੀ ਦੱਸਿਆ। ਕੌਮਾਂਤਰੀ ਸੁਨਾਮੀ ਸੂਚਨਾ ਕੇਂਦਰ ਮੁਤਾਬਕ ਜਵਾਲਾਮੁਖੀ ਦੇ ਫਟਣ ਨਾਲ ਸੁਨਾਮੀ ਦੀ ਘਟਨਾ ਦੁਰਲਭ ਹੈ।
ਇਹ ਜਲ ਦੀ ਵਿਸ਼ਾਲ ਰਾਸ਼ੀ ਦੇ ਅਚਾਨਕ ਵਿਸਥਾਪਨ ਜਾਂ ਸਲੋਪ ਫੇਲਯਰ ਦੇ ਚਲਦੇ ਹੋਈ ਹੋਵੇਗੀ। ਪ੍ਰਤੱਖਦਰਸ਼ੀਆਂ ਨੇ ਸੋਸ਼ਲ ਮੀਡੀਆ 'ਤੇ ਸੁਨਾਮੀ ਦਾ ਮੰਜ਼ਰ ਬਿਆਨ ਕੀਤਾ ਹੈ। ਓਯਸੀਨ ਐਂਡਰਸਨ ਨੇ ਫੇਸਬੁੱਕ 'ਤੇ ਲਿਖਿਆ ਤਟ ਤੋਂ ਲੰਘਦੇ ਹੋਏ ਵਿਸ਼ਾਲ ਲਹਿਰਾਂ ਦੀ ਉਚਾਈ 15 ਤੋਂ 20 ਮੀਟਰ ਸੀ, ਜਿਸ ਦੀ ਵਜ੍ਹਾ ਨਾਲ ਸਾਨੂੰ ਤਟ ਤੋਂ ਭੱਜਣਾ ਪਿਆ। ਐਂਡਰਸਨ ਨੇ ਲਿਖਿਆ ਦੂਜੀ ਵਿਸ਼ਾਲ ਲਹਿਰ ਇਕ ਹੋਟਲ ਵਿਚ ਦਾਖਲ ਹੋਈ ਜਿਥੇ ਅਸੀਂ ਰੁਕੇ ਹੋਏ ਸੀ। ਮੈਂ ਪਰਿਵਾਰ ਸਣੇ ਕਿਸੇ ਤਰ੍ਹਾਂ ਜੰਗਲ ਅਤੇ ਪਿੰਡ ਦੇ ਰਸਤੇ ਬਚਣ ਵਿਚ ਕਾਮਯਾਬ ਰਿਹਾ, ਫਿਲਹਾਲ ਸਥਾਨਕ ਲੋਕ ਸਾਡੀ ਦੇਖਭਾਲ ਕਰ ਰਹੇ ਹਨ, ਸ਼ੁੱਕਰ ਹੈ ਕਿ ਅਸੀਂ ਸੁਰੱਖਿਅਤ ਹਾਂ। ਟੀ.ਵੀ. ਚੈਨਲਾਂ 'ਤੇ ਜਾਵਾ ਦੇ ਪੱਛਮੀ ਤੱਟ 'ਤੇ ਸਥਿਤ ਮਸ਼ਹੂਰ ਕਾਰਿਤਾ ਬੀਚ 'ਤੇ ਹੋਏ ਨੁਕਸਾਨ ਦੀਆਂ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਹਨ।