'ਭਾਰਤੀ-ਅਮਰੀਕੀ ਦੋਹਰੀ ਨਾਗਰਿਕਤਾ ਦਾ ਸਮਰਥਨ ਕਰਦੇ ਹਨ'

09/19/2019 1:17:31 PM

ਵਾਸ਼ਿੰਗਟਨ— ਵੱਡੀ ਗਿਣਤੀ 'ਚ ਭਾਰਤੀ -ਅਮਰੀਕੀ ਚਾਹੁੰਦੇ ਹਨ ਕਿ ਭਾਰਤ ਸਰਕਾਰ ਦੋਹਰੀ ਨਾਗਰਿਕਤਾ ਨੂੰ ਮਨਜ਼ੂਰੀ ਦੇਵੇ । ਪ੍ਰਵਾਸੀ ਭਾਰਤੀ ਸਿੱਧੇ ਡਾਕ ਵੋਟਿੰਗ ਨਾਲ ਮਤਦਾਨ ਦੀ ਥਾਂ ਪ੍ਰਾਕਸੀ ਵੋਟਿੰਗ ਨੂੰ ਤਰਜੀਹ ਦਿੰਦੇ ਹਨ । ਇਕ ਸਰਵੇਖਣ 'ਚ ਇਹ ਦਾਅਵਾ ਕੀਤਾ ਗਿਆ ਹੈ। ਪ੍ਰਾਕਸੀ ਮਤਦਾਨ ਦਾ ਅਰਥ ਹੈ ਵੋਟਰ ਆਪਣੀ ਵੋਟ ਦੇਣ ਲਈ ਕਿਸੇ ਪ੍ਰਤੀਨਿਧੀ ਨੂੰ ਨਿਯੁਕਤ ਕਰਦਾ ਹੈ ਜੋ ਉਸ ਦੀ ਗੈਰ-ਹਾਜ਼ਰੀ 'ਚ ਵੋਟ ਪਾਉਂਦਾ ਹੈ। 'ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਅਮਰੀਕਾ' ਨੇ ਇਹ ਸਰਵੇਖਣ ਅਜਿਹੇ ਸਮੇਂ ਕੀਤਾ ਹੈ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੀਕਐਂਡ 'ਤੇ ਤਕਰੀਬਨ 50,000 ਭਾਰਤੀ-ਅਮਰੀਕੀਆਂ ਨੂੰ ਹਿਊਸਟਨ 'ਚ ਇਕ ਪ੍ਰੋਗਰਾਮ 'ਚ ਸੰਬੋਧਤ ਕਰਨਗੇ।

ਇਸ ਸਰਵੇਖਣ 'ਚ ਵੀਜ਼ਾ ਮੁੱਦਾ, ਨਿਵੇਸ਼, ਦੋਹਰੀ ਨਾਗਰਿਕਤਾ ਅਤੇ ਸਮਾਜਿਕ ਸੁਰੱਖਿਆ ਫੰਡ ਦਾ ਟ੍ਰਾਂਸਫਰ ਸਮੇਤ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਸਰਵੇਖਣ 'ਚ ਪੁੱਛੇ ਗਏ ਸਵਾਲਾਂ 'ਚੋਂ ਲੋਕਾਂ ਨੇ ਦੋਹਰੀ ਨਾਗਰਿਕਤਾ ਦੀ ਮੰਗ ਦਾ ਸਭ ਤੋਂ ਵਧ ਸਮਰਥਨ ਕੀਤਾ ਅਤੇ ਉਸ ਨੂੰ 4.4 ਸਟਾਰ ਦਿੱਤੇ। ਉਨ੍ਹਾਂ ਕਿਹਾ,''ਜਿੱਥੇ ਹੋਰ ਦੇਸ਼ਾਂ ਦੇ ਲੋਕਾਂ ਕੋਲ ਆਪਣੇ ਦੇਸ਼ ਦੀ ਨਾਗਰਿਕਤਾ ਛੱਡੇ ਬਗੈਰ ਅਮਰੀਕੀ ਨਾਗਰਿਕਤਾ ਲਈ ਬੇਨਤੀ ਕਰਨ ਦੀ ਸਮਰੱਥਾ ਹੈ , ਉੱਥੇ ਹੀ ਪ੍ਰਵਾਸੀ ਭਾਰਤੀ ਲੰਬੇ ਸਮੇਂ ਤੋਂ ਭਾਰਤ ਸਰਕਾਰ ਨੂੰ ਇਹ ਮੌਕਾ ਦੇਣ ਦੀ ਮੰਗ ਕਰ ਰਹੇ ਹਨ ਪਰ ਅਜੇ ਤਕ ਅਜਿਹਾ ਨਹੀਂ ਹੋ ਸਕਿਆ।

ਐੱਲ. ਐੱਮ. ਸਿੰਘਵੀ ਨੇ 8 ਜਨਵਰੀ, 2002 'ਚ ਦੋਹਰੀ ਨਾਗਰਿਕਤਾ ਦੀਆਂ ਸਿਫਾਰਸ਼ਾਂ ਨੂੰ ਜਮ੍ਹਾ ਕੀਤਾ ਸੀ। ਉਹ ਭਾਰਤੀ ਭਾਈਚਾਰੇ ਦੀ ਇਕ ਉੱਚ ਪੱਧਰੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਸਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਜਨਵਰੀ 2003 'ਚ ਸਿਫਾਰਸ਼ਾਂ ਨੂੰ ਸਵਿਕਾਰ ਕੀਤਾ ਸੀ। ਹਾਲਾਂਕਿ ਨਾਗਰਿਕਤਾ ਨਿਯਮ 1955 'ਚ 2005 'ਚ ਸੋਧ ਕੀਤੀ ਗਈ ਅਤੇ ਪ੍ਰਵਾਸੀ ਭਾਰਤੀ ਨਾਗਰਿਕਤਾ ਦਾ ਅਧਿਕਾਰ ਕੀਤਾ ਗਿਆ ਪਰ ਉਹ ਦੋਹਰੀ ਨਾਗਰਿਕਤਾ ਨਹੀਂ ਹੈ।


Related News