ਰੂਸ ’ਚ ਫਸੇ ਭਾਰਤੀਆਂ ਨੇ ਸਰਕਾਰ ਨੂੰ ਭੇਜਿਆ SOS ਸੁਨੇਹਾ! ਸਰਕਾਰ ਤੋਂ ਕੀਤੀ ਅਜਿਹੀ ਮੰਗ

Saturday, Mar 02, 2024 - 03:53 AM (IST)

ਰੂਸ ’ਚ ਫਸੇ ਭਾਰਤੀਆਂ ਨੇ ਸਰਕਾਰ ਨੂੰ ਭੇਜਿਆ SOS ਸੁਨੇਹਾ! ਸਰਕਾਰ ਤੋਂ ਕੀਤੀ ਅਜਿਹੀ ਮੰਗ

ਇੰਟਰਨੈਸ਼ਨਲ ਡੈਸਕ– ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਰੂਸ ’ਚ ਫਸੇ ਘੱਟੋ-ਘੱਟ 20 ਨਾਗਰਿਕਾਂ ਨੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਤੁਰੰਤ ਮਦਦ ਦੀ ਮੰਗ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਰੂਸ ’ਚ ਸਹਾਇਕਾਂ ਵਜੋਂ ਕੰਮ ’ਤੇ ਲਏ ਗਏ ਲੋਕਾਂ ਨੂੰ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਰੂਸੀ ਅਧਿਕਾਰੀਆਂ ਦੇ ਸੰਪਰਕ ’ਚ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀਆਂ ਨੇ ਰੂਸ ਤੋਂ ਦੇਸ਼ ਵਾਪਸੀ ਦੀ ਮੰਗ ਕਰਦਿਆਂ SOS ਸੰਦੇਸ਼ ਭੇਜੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤ ਰੂਸੀ ਫੌਜ ਤੋਂ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਸਰਕਾਰ ਨੇ 23 ਫਰਵਰੀ ਨੂੰ ਮੰਨਿਆ ਸੀ ਕਿ ਰੂਸ ਦੀ ਯੂਕ੍ਰੇਨ ਨਾਲ ਚੱਲ ਰਹੀ ਜੰਗ ’ਚ ਕੁਝ ਭਾਰਤੀ ਫਸੇ ਹੋਏ ਹਨ। ਸਰਕਾਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਯਤਨ ਕੀਤੇ ਜਾ ਰਹੇ ਹਨ।

ਭਾਰਤੀ ਫੌਜੀਆਂ ਨੂੰ ਲੜਨ ਲਈ ਉਕਸਾਇਆ ਗਿਆ
ਰੂਸੀ ਫੌਜ ’ਚ ਫਸੇ ਕਈ ਭਾਰਤੀ ਨਾਗਰਿਕਾਂ ਨੇ ਇਸ ਮਹੀਨੇ ਨਿਊਜ਼ ਏਜੰਸੀ ਏ. ਐੱਫ. ਪੀ. ਨੂੰ ਦੱਸਿਆ ਕਿ ਉਨ੍ਹਾਂ ਨੂੰ ਜੰਗ ’ਚ ਭੇਜਣ ਤੋਂ ਪਹਿਲਾਂ ਵੱਡੀ ਰਕਮ ਤੇ ਰੂਸੀ ਪਾਸਪੋਰਟ ਦਾ ਲਾਲਚ ਦਿੱਤਾ ਗਿਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਲਗਭਗ 20 ਲੋਕ ਫਸੇ ਹੋਏ ਹਨ। ਅਸੀਂ ਉਨ੍ਹਾਂ ਦੀ ਜਲਦ ਰਿਹਾਈ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਦਿੱਲੀ ਤੇ ਮਾਸਕੋ ਦੋਵਾਂ ’ਚ ਰੂਸੀ ਅਧਿਕਾਰੀਆਂ ਨਾਲ ਨਿਯਮਿਤ ਸੰਪਰਕ ’ਚ ਹਾਂ।’’

ਮੰਤਰਾਲੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਬਹੁਤ ਘੱਟ ਭਾਰਤੀ ਰੂਸੀ ਫ਼ੌਜ ’ਚ ਸਹਾਇਕ ਨੌਕਰੀਆਂ ਲਈ ਗਏ ਸਨ। ਮੰਤਰਾਲੇ ਨੇ ਕਿਹਾ ਕਿ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਹੋਈ, ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ।

ਹਾਲਾਂਕਿ, ਨਾ ਤਾਂ ਭਾਰਤ ਤੇ ਨਾ ਹੀ ਰੂਸੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੂਸ ’ਚ ਫਸੇ ਭਾਰਤੀ ਯੂਕ੍ਰੇਨ ਦੇ ਖ਼ਿਲਾਫ਼ ਜੰਗ ਲੜ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਸਵਾਲ ਨੇ ਭਾਰਤੀ ਨਾਗਰਿਕਾਂ ਨੂੰ ਜੰਗ ਦੇ ਮੈਦਾਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬੈਂਗਲੁਰੂ ਕੈਫੇ ਬਲਾਸਟ ਦੇ ਦੋਸ਼ੀ ਦੀ ਹੋਈ ਪਛਾਣ, 28-30 ਸਾਲ ਦੇ ਨੌਜਵਾਨ ਨੇ ਪਹਿਲਾਂ ਮੰਗਵਾਈ ਰਵਾ ਇਡਲੀ ਤੇ ਫਿਰ...

‘ਰੂਸ ’ਚ ਝੂਠ ਬੋਲ ਕੇ ਲਿਆਂਦਾ ਗਿਆ, ਹੁਣ ਜੰਗ ਲੜਵਾਈ ਜਾ ਰਹੀ’
ਰੂਸ ’ਚ ਫਸੇ ਭਾਰਤੀਆਂ ਨੇ AFP ਨਾਲ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਫ਼ੌਜ ’ਚ ਸਹਾਇਕ ਵਜੋਂ ਕੰਮ ਕਰਨਾ ਹੈ ਤੇ ਯੁੱਧ ਨਹੀਂ ਲੜਨਾ ਹੈ ਪਰ ਉਨ੍ਹਾਂ ਨੂੰ ਕਲਾਸ਼ਨੀਕੋਵ ਅਸਾਲਟ ਰਾਈਫ਼ਲ ਤੇ ਹੋਰ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਸੀ। ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਲੜਨ ਲਈ ਯੂਕ੍ਰੇਨ ਭੇਜਿਆ ਗਿਆ।

ਰੱਖਿਆ ਮੰਤਰਾਲੇ ਵਲੋਂ ਜੰਗ ’ਚ ਲੜ ਰਹੇ ਭਾਰਤੀਆਂ ਨੂੰ ਰੂਸੀ ਭਾਸ਼ਾ ’ਚ ਜਾਰੀ ਕੀਤੇ ਗਏ ਇਕਰਾਰਨਾਮੇ ’ਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੀ ਡਿਊਟੀ ‘ਹਥਿਆਰਬੰਦ ਬਲਾਂ ’ਚ ਫੌਜੀ ਸੇਵਾ’ ਕਰਨਾ ਹੈ। ਇਕਰਾਰਨਾਮੇ ’ਚ ਕਿਹਾ ਗਿਆ ਹੈ ਕਿ ਫੌਜੀਆਂ ਨੂੰ ਯੁੱਧ ’ਚ ਹਿੱਸਾ ਲੈਣਾ ਹੋਵੇਗਾ ਤੇ ਰੂਸੀ ਲੋਕਾਂ ਦੀ ਹਰ ਤਰ੍ਹਾਂ ਨਾਲ ਸੇਵਾ ਕਰਨੀ ਹੋਵੇਗੀ।

ਰੂਸ ਦੇ ਹਰ ਵੱਡੇ ਸ਼ਹਿਰ ’ਚ ਵਿਦੇਸ਼ੀਆਂ ਲਈ ਭਰਤੀ ਸੈਂਟਰ
ਰੂਸ ਦੀ ਰਾਜਧਾਨੀ ਮਾਸਕੋ ’ਚ ਇਕ ਭਰਤੀ ਕੇਂਦਰ ’ਚ ਕੰਮ ਕਰ ਰਹੇ ਇਕ ਭਾਰਤੀ ਅਨੁਵਾਦਕ ਨੇ ਦੱਸਿਆ ਕਿ ਰੂਸ ’ਚ ਅਜਿਹੇ ਕਈ ਭਰਤੀ ਕੇਂਦਰ ਬਣਾਏ ਗਏ ਹਨ, ਜੋ ਵਿਦੇਸ਼ੀ ਨਾਗਰਿਕਾਂ ਨੂੰ ਫੌਜ ’ਚ ਭਰਤੀ ਕਰਦੇ ਹਨ।

ਉਸ ਨੇ ਕਿਹਾ, ‘‘ਰੂਸ ਦੇ ਹਰ ਵੱਡੇ ਸ਼ਹਿਰ ’ਚ ਇਕ ਭਰਤੀ ਕੇਂਦਰ ਹੈ, ਜਿਥੇ ਵਿਦੇਸ਼ੀ ਨਾਗਰਿਕਾਂ ਦੀ ਭਰਤੀ ਕੀਤੀ ਜਾਂਦੀ ਹੈ।’’ ਅਨੁਵਾਦਕ ਨੇ ਕਿਹਾ ਕਿ ਉਸ ਨੇ ਖ਼ੁਦ 70-100 ਭਾਰਤੀ ਨਾਗਰਿਕਾਂ ਦੀ ਫੌਜ ’ਚ ਭਰਤੀ ਹੁੰਦੀ ਵੇਖੀ ਹੈ। ਉਸ ਦਾ ਕਹਿਣਾ ਹੈ ਕਿ ਭਰਤੀ ਕੀਤੇ ਜਾਣ ਵਾਲੇ ਨੇਪਾਲੀ ਲੋਕਾਂ ਦੀ ਗਿਣਤੀ ਭਾਰਤੀਆਂ ਨਾਲੋਂ ਕਿਤੇ ਜ਼ਿਆਦਾ ਹੈ। ਅਨੁਵਾਦਕ, ਜਿਸ ਨੇ ਆਪਣਾ ਨਾਂ ਨਹੀਂ ਦੱਸਿਆ, ਨੇ ਕਿਹਾ, ‘‘ਪਿਛਲੇ ਹਫ਼ਤੇ ਹੀ 10 ਭਾਰਤੀ ਮੇਰੇ ਕੇਂਦਰ ’ਤੇ ਆਏ ਸਨ।’’

ਰੂਸ ’ਚ ਕੰਮ ਕਰਨ ਲਈ ਗਏ ਭਾਰਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਕੰਮ ਮਿਲਿਆ ਹੈ। ਦੱਸਿਆ ਗਿਆ ਕਿ ਰੂਸ ’ਚ ਫੌਜ ਦੇ ਸਹਾਇਕ ਦੇ ਕੰਮ ਲਈ ਉਨ੍ਹਾਂ ਨੂੰ ਲਗਭਗ 1,200 ਡਾਲਰ (99,443 ਰੁਪਏ) ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਰੂਸ ਲਿਜਾਏ ਗਏ ਭਾਰਤੀਆਂ ’ਚੋਂ ਕਿਸੇ ਨੂੰ ਵੀ ਫੌਜੀ ਤਜਰਬਾ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News