ਨਿਊਜ਼ੀਲੈਂਡ ਦੀ ਆਰਥਿਕਤਾ 'ਚ ਭਾਰਤੀਆਂ ਦੀ ਵੱਡੀ ਭੂਮਿਕਾ, GDP 'ਚ 37 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ

Friday, Jul 10, 2026 - 01:33 PM (IST)

ਨਿਊਜ਼ੀਲੈਂਡ ਦੀ ਆਰਥਿਕਤਾ 'ਚ ਭਾਰਤੀਆਂ ਦੀ ਵੱਡੀ ਭੂਮਿਕਾ,  GDP 'ਚ 37 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ

ਇੰਟਰਨੈਸ਼ਨਲ ਡੈਸਕ: ਨਿਊਜ਼ੀਲੈਂਡ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਭਾਰਤੀ ਭਾਈਚਾਰੇ ਨੇ ਆਪਣੀ ਅਹਿਮ ਭੂਮਿਕਾ ਦਰਜ ਕਰਵਾਈ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ ਰਹਿ ਰਹੇ ਭਾਰਤੀਆਂ ਨੇ ਮਾਰਚ 2025 ਤੱਕ ਦੇ ਸਾਲ ਵਿੱਚ ਦੇਸ਼ ਦੀ ਜੀ.ਡੀ.ਪੀ. (GDP) ਵਿੱਚ 37.3 ਅਰਬ ਡਾਲਰ ਦਾ ਯੋਗਦਾਨ ਪਾਇਆ ਹੈ, ਜੋ ਕਿ ਦੇਸ਼ ਦੀ ਕੁੱਲ ਆਰਥਿਕਤਾ ਦਾ 8.6 ਫੀਸਦੀ ਬਣਦਾ ਹੈ।

ਵਾਇਟਾਕਰੇ ਇੰਡੀਅਨ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ 'ਇਨਫੋਮੈਟ੍ਰਿਕਸ' ਦੀ ਇਸ ਰਿਪੋਰਟ ਮੁਤਾਬਕ ਭਾਵੇਂ ਨਿਊਜ਼ੀਲੈਂਡ ਵਿੱਚ ਭਾਰਤੀਆਂ ਦੀ ਆਬਾਦੀ ਕੁੱਲ ਜਨਸੰਖਿਆ ਦਾ ਸਿਰਫ਼ 6 ਫੀਸਦੀ ਹੈ, ਪਰ ਆਰਥਿਕ ਯੋਗਦਾਨ ਦੇ ਮਾਮਲੇ ਵਿੱਚ ਇਹ ਭਾਈਚਾਰਾ ਆਪਣੀ ਆਬਾਦੀ ਦੇ ਹਿੱਸੇ ਨਾਲੋਂ ਕਿਤੇ ਵੱਧ ਪ੍ਰਭਾਵ ਪਾ ਰਿਹਾ ਹੈ। 2023 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਭਾਰਤੀ ਭਾਈਚਾਰਾ ਹੁਣ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਬਣ ਗਿਆ ਹੈ, ਜਿਸ ਦੀ ਕੁੱਲ ਗਿਣਤੀ 2,92,092 ਹੈ।

ਰਿਪੋਰਟ ਵਿੱਚ ਇੱਕ ਹੋਰ ਦਿਲਚਸਪ ਖੁਲਾਸਾ ਹੋਇਆ ਹੈ ਕਿ ਭਾਰਤੀ ਭਾਈਚਾਰਾ ਆਰਥਿਕ ਪੱਖੋਂ ਹੋਰਨਾਂ ਭਾਈਚਾਰਿਆਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹੈ। 2023 ਦੇ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਵਿੱਚ ਭਾਰਤੀਆਂ ਦੀ ਔਸਤ ਸਾਲਾਨਾ ਆਮਦਨ 51,600 ਡਾਲਰ ਹੈ, ਜਦੋਂ ਕਿ ਰਾਸ਼ਟਰੀ ਔਸਤ 41,500 ਡਾਲਰ ਹੈ। ਇਹ ਆਮਦਨ ਸਾਰੇ ਨਸਲੀ ਸਮੂਹਾਂ ਵਿੱਚੋਂ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ, ਭਾਰਤੀ ਪਰਿਵਾਰਾਂ ਦੀ ਔਸਤ ਆਮਦਨ 1,32,100 ਡਾਲਰ ਹੈ, ਜੋ ਕਿ ਦੇਸ਼ ਦੀ ਕੁੱਲ ਔਸਤ ਨਾਲੋਂ 36 ਫੀਸਦੀ ਜ਼ਿਆਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੀ ਤਿੰਨ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਲਈ ਰਵਾਨਾ

ਭਾਰਤੀ ਭਾਈਚਾਰਾ ਨਾ ਸਿਰਫ਼ ਕਮਾਈ ਕਰ ਰਿਹਾ ਹੈ, ਸਗੋਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਿਹਾ ਹੈ। ਰਿਪੋਰਟ ਅਨੁਸਾਰ ਭਾਰਤੀਆਂ ਨੇ ਦੇਸ਼ ਵਿੱਚ 2,20,910 ਪੂਰੇ ਸਮੇਂ ਦੀਆਂ ਨੌਕਰੀਆਂ (FTE jobs) ਨੂੰ ਉਤਸ਼ਾਹਿਤ ਕੀਤਾ ਹੈ। ਇਸ ਸਮੇਂ ਨਿਊਜ਼ੀਲੈਂਡ ਵਿੱਚ ਲਗਭਗ 34,000 ਭਾਰਤੀ ਕਾਰੋਬਾਰ ਚੱਲ ਰਹੇ ਹਨ, ਜੋ ਕਿ ਦੇਸ਼ ਦੇ ਕੁੱਲ ਕਾਰੋਬਾਰਾਂ ਦਾ 6.2 ਫੀਸਦੀ ਹਨ।

ਪ੍ਰਮੁੱਖ ਖੇਤਰਾਂ ਵਿਚ ਭਾਰਤੀਆਂ ਦਾ ਸਿੱਕਾ ਚੱਲ ਰਿਹਾ ਹੈ। ਇਸ ਵਿਚ ਪ੍ਰਾਪਰਟੀ ਸੈਕਟਰ ਵਿਚ ਭਾਰਤੀਆਂ ਦਾ ਯੋਗਦਾਨ ਲਗਭਗ 8 ਅਰਬ ਡਾਲਰ ਹੈ।  ਰਿਟੇਲ ਅਤੇ ਹਾਸਪਿਟੈਲਿਟੀ ਵਿਚ ਯੋਗਦਾਨ  5.5 ਅਰਬ ਡਾਲਰ ਦਾ ਹੈ। ਪੇਸ਼ੇਵਰ ਸੇਵਾਵਾਂ (ਵਕੀਲ, ਅਕਾਊਂਟੈਂਟ ਆਦਿ) ਵਿਚ 4.7 ਅਰਬ ਡਾਲਰ ਦਾ ਯੋਗਦਾਨ ਹੈ। ਭਾਰਤੀ ਪ੍ਰਵਾਸੀ ਦੇਸ਼ ਦੇ ਲੇਬਰ ਬਜ਼ਾਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ 'ਗ੍ਰੀਨ ਲਿਸਟ'ਵਿੱਚ ਸ਼ਾਮਲ ਅਹੁਦਿਆਂ ਜਿਵੇਂ ਕਿ ਰਜਿਸਟਰਡ ਨਰਸਾਂ, ਸੌਫਟਵੇਅਰ ਇੰਜੀਨੀਅਰ ਅਤੇ ਟੈਲੀਕਾਮ ਟੈਕਨੀਸ਼ੀਅਨ ਦੀ ਘਾਟ ਨੂੰ ਪੂਰਾ ਕਰ ਰਹੇ ਹਨ।

ਤਰੱਕੀ ਦੇ ਨਾਲ-ਨਾਲ ਰਿਪੋਰਟ ਵਿੱਚ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਛੋਟੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਅਪਰਾਧ ਅਜੇ ਵੀ ਇੱਕ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਤਣਾਅ, ਪ੍ਰਵਾਸੀਆਂ ਦਾ ਸ਼ੋਸ਼ਣ ਅਤੇ ਭਾਰਤੀ ਸਿਖਲਾਈ ਪ੍ਰਾਪਤ ਨਰਸਾਂ ਨੂੰ ਕੰਮ ਲੱਭਣ ਵਿੱਚ ਆ ਰਹੀਆਂ ਦਿੱਕਤਾਂ ਵਰਗੇ ਮੁੱਦੇ ਚਿੰਤਾ ਦਾ ਵਿਸ਼ਾ ਹਨ। ਇਹ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਨਿਊਜ਼ੀਲੈਂਡ ਦੇ ਭਾਰਤੀ ਨਾ ਸਿਰਫ਼ ਪੜ੍ਹੇ-ਲਿਖੇ ਅਤੇ ਹੁਨਰਮੰਦ ਹਨ, ਸਗੋਂ ਉਹ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿੱਚ ਵੀ ਇੱਕ ਮੋਹਰੀ ਭੂਮਿਕਾ ਨਿਭਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News