ਖਾੜੀ ਦੇਸ਼ਾਂ ਨੇ ਤੋੜੇ ਕਤਰ ਨਾਲ ਸੰਬੰਧ, ਭਾਰਤੀਆਂ ਨੂੰ ਦਿੱਤੀ ਗਈ ਇਹ ਸਲਾਹ

06/08/2017 5:06:34 PM

ਦੁਬਈ— ਕਈ ਖਾੜੀ ਦੇਸ਼ਾਂ ਨੇ ਕਤਰ 'ਤੇ ਅੱਤਵਾਦ ਦੇ ਸਮਰਥਨ ਦਾ ਦੋਸ਼ ਲਾਉਂਦੇ ਹੋਏ ਉਸ ਦੇ ਨਾਲ ਕੂਟਨੀਤਕ ਸੰਬੰਧ ਤੋੜ ਦਿੱਤੇ ਹਨ, ਜਿਸ ਤੋਂ ਬਾਅਦ ਭਾਰਤ ਨੇ ਕਤਰ 'ਚ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਆਪਣੀ ਯਾਤਰਾ ਯੋਜਨਾਵਾਂ ਨੂੰ ਬਦਲਣ ਦੀ ਸਲਾਹ ਦਿੱਤੀ ਹੈ। ਦੱਸਣ ਯੋਗ ਹੈ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ ਅਤੇ ਮਿਸਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਕਤਰ ਨਾਲ ਕੂਟਨੀਤਕ ਸੰਬੰਧ ਖਤਮ ਕਰ ਰਹੇ ਹਨ ਅਤੇ ਯਾਤਰਾ ਸੰਪਰਕ ਤੋੜ ਰਹੇ ਹਨ।
ਇਨ੍ਹਾਂ ਦੇਸ਼ਾਂ ਵਿਚਾਲੇ ਕਈ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਹੋਣ ਕਾਰਨ ਹਵਾਈ ਸੰਪਰਕ 'ਚ ਵੀ ਰੁਕਾਵਟ ਆਈ ਹੈ। ਕਤਰ ਵਿਚ ਭਾਰਤੀ ਦੂਤਘਰ ਵਲੋਂ ਜਾਰੀ ਬਿਆਨ ਮੁਤਾਬਕ ਭਾਰਤੀ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਯਾਤਰਾ ਬੰਦੋਬਸਤ 'ਚ ਬਦਲਾਅ ਕੇ ਅੱਗੇ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਚੌਕਸ ਰਹਿਣ। ਭਾਰਤੀ ਦੂਤਘਰ ਨੇ ਕਿਹਾ ਕਿ ਉਹ ਹਾਲਾਤ 'ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਨ ਅਤੇ ਕਤਰ 'ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਉਹ ਉੱਥੋਂ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ। ਕਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਯਕੀਨੀ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣਗੇ ਕਿ ਖਾਧ ਪਦਾਰਥਾਂ ਦੀ ਸਪਲਾਈ ਸਮੇਤ ਆਮ ਜਨਜੀਵਨ ਪ੍ਰਭਾਵਿਤ ਨਾ ਹੋਵੇ। ਬਿਆਨ ਮੁਤਾਬਕ ਖੇਤਰ 'ਚ ਅਜਿਹਾ ਕੁਝ ਨਹੀਂ ਹੋ ਰਿਹਾ, ਜਿਸ ਨਾਲ ਕਤਰ 'ਚ ਰਹਿਣ ਵਾਲੇ ਨਾਗਰਿਕਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਹੋਵੇ।


Related News