ਯੂਕੇ ਦੇ ਸੇਬਾਂ ਦਾ ਆਨੰਦ ਲੈ ਸਕਣਗੇ ਭਾਰਤੀ ਲੋਕ, ਵਪਾਰ ਸਮਝੌਤੇ ਅਧੀਨ ਮਿਲੀ ਸਹਿਮਤੀ
Tuesday, Jul 13, 2021 - 05:17 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰੈਗਜ਼ਿਟ ਤੋਂ ਬਾਅਦ ਯੂਕੇ ਦੁਆਰਾ ਕਈ ਦੇਸ਼ਾਂ ਨਾਲ ਮੁਫਤ ਵਪਾਰਕ ਸਮਝੌਤੇ ਕੀਤੇ ਗਏ ਹਨ, ਜਿਹਨਾਂ ਵਿੱਚੋਂ ਭਾਰਤ ਵੀ ਇੱਕ ਹੈ। ਇਹਨਾਂ ਹੀ ਸਮਝੌਤਿਆਂ ਕਰਕੇ 50 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਭਾਰਤੀ ਲੋਕ ਬ੍ਰਿਟਿਸ਼ ਸੇਬਾਂ ਦਾ ਸਵਾਦ ਲੈ ਸਕਣਗੇ। ਬ੍ਰਿਟੇਨ ਵਿੱਚ ਮਿਲਣ ਵਾਲੀਆਂ ਸੇਬਾਂ ਦੀਆਂ ਕਈ ਕਿਸਮਾਂ ਜਿਵੇਂ ਕਿ ਬ੍ਰੈਬਰਨ, ਬ੍ਰਾਮਲੇ, ਕੌਕਸ ਅਤੇ ਰਾਇਲ ਗਾਲਾ ਆਦਿ ਨੂੰ ਭਾਰਤ ਵਿੱਚ ਨਿਰਯਾਤ ਕੀਤਾ ਜਾ ਸਕਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਚਾਲੇ 4 ਮਈ ਨੂੰ 'ਇਨਹੈਂਸਡ ਟਰੇਡ ਪਾਰਟਨਰਸ਼ਿਪਸ (ਈ ਟੀ ਪੀ) 'ਤੇ ਵਰਚੂਅਲ ਮੀਟਿੰਗ ਦੌਰਾਨ ਹੋਈ ਸਹਿਮਤੀ ਤੋਂ ਬਾਅਦ ਇਹ ਨਿਰਯਾਤ ਕੀਤਾ ਜਾ ਸਕਦਾ ਹੈ। ਈ ਟੀ ਪੀ ਦੁਆਰਾ ਬ੍ਰਿਟੇਨ ਵਿੱਚ ਫਲ ਉਤਪਾਦਕਾਂ ਨੂੰ ਬ੍ਰਿਟਿਸ਼ ਸੇਬ, ਨਾਸ਼ਪਾਤੀ ਆਦਿ ਨੂੰ ਨਿਰਯਾਤ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਹੁਣ ਤੱਕ ਬ੍ਰਿਟੇਨ ਦੀ ਸਿਰਫ 3% ਸੇਬਾਂ ਦੀ ਫਸਲ ਵਿਦੇਸ਼ਾਂ ਵਿੱਚ ਨਿਰਯਾਤ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਬਾਡੀ ਬਿਲਡਿੰਗ ਮੁਕਾਬਲਾ ਜਿੱਤ ਜੈ ਕਿਸ਼ਨ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ
ਇਸ ਕਦਮ ਨਾਲ ਬ੍ਰਿਟਿਸ਼ ਫਲ ਉਤਪਾਦਕਾਂ ਨੂੰ ਵੱਡਾ ਹੁਲਾਰਾ ਮਿਲੇਗਾ। ਯੂਕੇ ਦੀ ਅੰਤਰਰਾਸ਼ਟਰੀ ਵਪਾਰ ਸਕੱਤਰ ਲਿਜ਼ ਟ੍ਰੱਸ ਨੇ ਟਵੀਟ ਰਾਹੀਂ ਈ ਟੀ ਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਕੇ ਦੇ ਸੇਬ 50 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਜਾ ਰਹੇ ਹਨ। ਯੂਕੇ ਦੇ ਸਭ ਤੋਂ ਵੱਡੇ ਸੇਬ ਅਤੇ ਨਾਸ਼ਪਾਤੀ ਦੇ ਕੋਲਡ ਸਟੋਰੇਜ ਅਤੇ ਪੈਕਿੰਗ ਆਪ੍ਰੇਸ਼ਨ ਗੋਥਮ ਐਂਡ ਸਨ ਦੇ ਮੈਨੇਜਿੰਗ ਡਾਇਰੈਕਟਰ ਰੌਸ ਗੋਥਮ ਨੇ ਜਾਣਕਾਰੀ ਦਿੱਤੀ ਕਿ ਵਪਾਰਕ ਸੌਦੇ ਦੀਆਂ ਘੋਸ਼ਣਾਵਾਂ ਕਰਕੇ ਉਹਨਾਂ ਦਾ 20 ਦੇ ਕਰੀਬ ਭਾਰਤੀ ਫਰਮਾਂ ਨਾਲ ਸੰਪਰਕ ਹੋਇਆ ਹੈ ਜੋ ਸੇਬ ਖਰੀਦ ਸਕਦੇ ਹਨ।