ਥਾਈਲੈਂਡ ਘੁੰਮਣ ਗਏ ਭਾਰਤੀ ਨੌਜਵਾਨਾਂ ਨਾਲ ਵਾਪਰੀ ਅਣਹੋਣੀ! ਇਕ ਦੀ ਮੌਤ, ਤਿੰਨ ਜਣੇ ਜੇਰੇ ਇਲਾਜ਼
Tuesday, May 12, 2026 - 02:55 PM (IST)
ਬੈਂਕਾਕ (ਆਈ.ਏ.ਐੱਨ.ਐੱਸ.): ਥਾਈਲੈਂਡ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਫੁਕੇਟ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਕੈਫੇ ਵਿੱਚ ਚਾਰ ਭਾਰਤੀ ਸੈਲਾਨੀ ਅਚਾਨਕ ਬੇਹੋਸ਼ ਹੋ ਗਏ, ਜਿਨ੍ਹਾਂ ਵਿੱਚੋਂ ਇੱਕ 26 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ , ਜਦਕਿ ਤਿੰਨ ਹੋਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਹ ਦਰਦਨਾਕ ਘਟਨਾ 9 ਮਈ ਨੂੰ ਫੁਕੇਟ ਦੇ ਕਾਠੂ ਜ਼ਿਲ੍ਹੇ ਵਿੱਚ ਸਥਿਤ ਕਮਲਾ ਬੀਚ ਇਲਾਕੇ ਦੇ ਇੱਕ ਕੈਫੇ ਵਿੱਚ ਵਾਪਰੀ। ਪੁਲਿਸ ਜਾਂਚ ਅਨੁਸਾਰ ਪੰਜ ਭਾਰਤੀ ਨੌਜਵਾਨਾਂ ਦਾ ਇੱਕ ਸਮੂਹ ਸ਼ੁੱਕਰਵਾਰ ਰਾਤ ਕਰੀਬ 11 ਵਜੇ ਕੈਫੇ ਵਿੱਚ ਪਹੁੰਚਿਆ ਸੀ। ਇਨ੍ਹਾਂ ਨੌਜਵਾਨਾਂ ਦੀ ਪਛਾਣ ਕੁਸ਼ਾਗਰ ਅਗਰਵਾਲ, ਰਾਹੁਲ ਅਗਰਵਾਲ, ਇੱਕ ਹੋਰ ਰਾਹੁਲ ਅਗਰਵਾਲ, ਅਮਨ ਅਗਰਵਾਲ ਅਤੇ ਆਰੀਅਨ ਵਰਮਾ ਵਜੋਂ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਲਦ ਖ਼ਤਮ ਹੋ ਜਾਣਗੇ ਤੇਲ-ਗੈਸ! ਪਾਕਿਸਤਾਨ ਨੇ ਇਕ ਮਹੀਨਾ ਵਧਾਈਆਂ ਪਾਬੰਦੀਆਂ
ਕੈਫੇ ਦੇ ਸੁਰੱਖਿਆ ਸਟਾਫ ਨੇ ਦੱਸਿਆ ਕਿ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਸਮੂਹ ਦੇ ਚਾਰ ਮੈਂਬਰ ਇੱਕ-ਇੱਕ ਕਰਕੇ ਬੇਹੋਸ਼ ਹੋ ਕੇ ਡਿੱਗ ਪਏ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਅਤੇ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਤੋਂਗ ਹਸਪਤਾਲ ਦੀ ਰਿਪੋਰਟ ਅਨੁਸਾਰ ਦੋ ਨੌਜਵਾਨ ਕੋਮਾ ਵਿੱਚ ਚਲੇ ਗਏ ਸਨ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਵਚੀਰਾ ਫੁਕੇਟ ਹਸਪਤਾਲ ਭੇਜਿਆ ਗਿਆ। ਸ਼ਨੀਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਸ਼ਾਗਰ ਅਗਰਵਾਲ (26) ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਤਿੰਨ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।

ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਨੇ ਕਿਹਾ, "ਅਸੀਂ ਥਾਈ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਘਟਨਾ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ"। ਦੂਤਾਵਾਸ ਦੇ ਅਧਿਕਾਰੀਆਂ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਸਥਾਨਕ ਪੁਲਿਸ ਨੇ ਇਸ ਰਹੱਸਮਈ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨੌਜਵਾਨਾਂ ਦੇ ਅਚਾਨਕ ਬੇਹੋਸ਼ ਹੋਣ ਦਾ ਅਸਲ ਕਾਰਨ ਕੀ ਸੀ। ਅਧਿਕਾਰੀ ਕੈਫੇ ਦੇ ਸਟਾਫ ਅਤੇ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
