ਜ਼ਰਾ ਬਚ ਕੇ..! ਭਾਰਤੀ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੀਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ, ਜਾਰੀ ਹੋਈ ਐਡਵਾਈਜ਼ਰੀ

Tuesday, Sep 08, 2026 - 12:48 PM (IST)

ਜ਼ਰਾ ਬਚ ਕੇ..! ਭਾਰਤੀ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੀਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ, ਜਾਰੀ ਹੋਈ ਐਡਵਾਈਜ਼ਰੀ

ਨੈਸ਼ਨਲ ਡੈਸਕ- ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਪਾਕਿਸਤਾਨ ਇੰਟੈਲੀਜੈਂਸ ਆਪ੍ਰੇਟਿਵਜ਼ (ਪੀ.ਆਈ.ਓ.) ਭਾਰਤੀ ਨੌਜਵਾਨਾਂ ਨੂੰ ਠੱਗਣ, ਆਪਣੇ ਜਾਲ ’ਚ ਫਸਾਉਣ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਚੋਰੀ ਕਰਨ ਲਈ ਨਿੱਤ ਨਵੇਂ ਡਿਜੀਟਲ ਪੈਂਤਰੇ ਅਪਣਾ ਰਹੇ ਹਨ। ਸੁਰੱਖਿਆ ਏਜੰਸੀਆਂ ਨੇ ਨੌਜਵਾਨਾਂ ਨੂੰ ਇਨ੍ਹਾਂ ਦੇ ਝਾਂਸੇ ’ਚ ਨਾ ਆਉਣ ਦੀ ਅਪੀਲ ਕਰਦਿਆਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ।

ਕਿਹੜੇ-ਕਿਹੜੇ ਤਰੀਕਿਆਂ ਨਾਲ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪੀ.ਆਈ.ਓ. ਏਜੰਟ ?

ਧਾਰਮਿਕ ਅਤੇ ਮਜ਼ਹਬੀ ਭਾਵਨਾਵਾਂ ਦੀ ਦੁਰਵਰਤੋਂ : ਪਾਕਿਸਤਾਨ ਦੇ ਏਜੰਟ ਅਕਸਰ ਧਰਮ ਅਤੇ ਮਜ਼ਹਬ ਦਾ ਸਹਾਰਾ ਲੈ ਕੇ ਨੌਜਵਾਨਾਂ ਦਾ ਬ੍ਰੇਨਵਾਸ਼ ਕਰਦੇ ਹਨ। ਉਨ੍ਹਾਂ ਨੂੰ ਧਾਰਮਿਕ ਤੌਰ ’ਤੇ ਭੜਕਾ ਕੇ, ਝੂਠੀਆਂ ਕੱਟੜਪੰਥੀ ਗੱਲਾਂ ’ਚ ਉਲਝਾ ਕੇ ਅਤੇ ਉਕਸਾ ਕੇ ਆਪਣੇ ਹੀ ਦੇਸ਼ ਖਿਲਾਫ ਜਾਸੂਸੀ ਕਰਨ ਲਈ ਤਿਆਰ ਕੀਤਾ ਜਾਂਦਾ ਹੈ।

92 ਕੋਡ ਤੋਂ ਫਰਜ਼ੀ ਕਾਲਾਂ ਅਤੇ ਮੈਸੇਜ : 92 (ਪਾਕਿਸਤਾਨ ਦਾ ਕੰਟਰੀ ਕੋਡ) ਜਾਂ ਹੋਰ ਅੰਤਰਰਾਸ਼ਟਰੀ ਨੰਬਰਾਂ ਤੋਂ ਨੌਜਵਾਨਾਂ ਨੂੰ ਕਾਲਾਂ ਅਤੇ ਵ੍ਹਟਸਐਪ ਮੈਸੇਜ ਆ ਰਹੇ ਹਨ। ਇਨ੍ਹਾਂ ’ਚ ਕੇ. ਬੀ. ਸੀ., ਲਾਟਰੀ, ਕਾਰ ਜਿੱਤਣ ਜਾਂ ਭਾਰੀ ਕੈਸ਼ ਪ੍ਰਾਈਜ਼ ਦਾ ਲਾਲਚ ਦਿੱਤਾ ਜਾਂਦਾ ਹੈ। ਇਨਾਮ ਦੀ ਰਕਮ ਕਲੇਮ ਕਰਨ ਦੇ ਨਾਂ ’ਚ ਪ੍ਰੋਸੈਸਿੰਗ ਫੀਸ ਮੰਗੀ ਜਾਂਦੀ ਹੈ ਜਾਂ ਫਰਜ਼ੀ ਲਿੰਕ ’ਤੇ ਕਲਿੱਕ ਕਰਵਾ ਕੇ ਮੋਬਾਈਲ ਹੈਕ ਕਰ ਲਿਆ ਜਾਂਦਾ ਹੈ।

ਸੋਸ਼ਲ ਮੀਡੀਆ ’ਤੇ ਹਨੀਟ੍ਰੈਪ : ਸ਼ੱਕੀ ਏਜੰਟ ਜਾਅਲੀ ਪ੍ਰੋਫਾਈਲ (ਖਾਸ ਕਰ ਕੇ ਔਰਤਾਂ ਦੇ ਨਾਂ ਤੋਂ) ਬਣਾ ਕੇ ਫੇਸਬੁੱਕ, ਇੰਸਟਾਗ੍ਰਾਮ, ਟੈਲੀਗ੍ਰਾਮ ’ਤੇ ਦੋਸਤੀ ਕਰਦੇ ਹਨ। ਹੌਲੀ-ਹੌਲੀ ਭਾਵਨਾਤਮਕ ਜਾਂ ਅਸ਼ਲੀਲ ਗੱਲਬਾਤ ਰਾਹੀਂ ਨੌਜਵਾਨਾਂ ਨੂੰ ਬਲੈਕਮੇਲ ਕਰਨ ਲਾਇਕ ਸਮੱਗਰੀ ਜੁਟਾ ਲੈਂਦੇ ਹਨ।

ਪਾਰਟ-ਟਾਈਮ ਨੌਕਰੀ ਅਤੇ ਆਨਲਾਈਨ ਕਮਾਈ ਦਾ ਲਾਲਚ : ਨੌਜਵਾਨਾਂ ਨੂੰ ਵਰਕ-ਫਰਾਮ-ਹੋਮ, ਡਾਟਾ ਐਂਟਰੀ ਜਾਂ ਟੈਲੀਗ੍ਰਾਮ ਟਾਸਕ ਦੇ ਨਾਂ ’ਤੇ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ। ਬਾਅਦ ’ਚ ਉਨ੍ਹਾਂ ਤੋਂ ਛੋਟੀ-ਮੋਟੀ ਜਾਸੂਸੀ, ਫੋਟੋ ਜਾਂ ਲੋਕੇਸ਼ਨ ਸ਼ੇਅਰ ਕਰਨ ਲਈ ਕਿਹਾ ਜਾਂਦਾ ਹੈ।

ਫਰਜ਼ੀ ਲੋਨ ਅਤੇ ਬੈਟਿੰਗ ਐਪਸ : ਗੈਰ-ਕਾਨੂੰਨੀ ਐਪਸ ਰਾਹੀਂ ਨੌਜਵਾਨਾਂ ਨੂੰ ਕਰਜ਼ੇ ਜਾਂ ਸੱਟੇਬਾਜ਼ੀ ਦੇ ਜਾਲ ’ਚ ਫਸਾਇਆ ਜਾਂਦਾ ਹੈ ਅਤੇ ਬਾਅਦ ’ਚ ਬਲੈਕਮੇਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਪੀ.ਆਈ.ਓ. ਦੇ ਚੱਕਰ ’ਚ ਫਸਣ ਨਾਲ ਨੌਜਵਾਨਾਂ ਨੂੰ ਕੀ ਨੁਕਸਾਨ ਹੋ ਰਹੇ ਹਨ ?

ਕਰੀਅਰ ਅਤੇ ਭਵਿੱਖ ਪੂਰੀ ਤਰ੍ਹਾਂ ਬਰਬਾਦ : ਦੇਸ਼-ਵਿਰੋਧੀ ਜਾਂ ਜਾਸੂਸੀ ਸਰਗਰਮੀਆਂ ’ਚ ਸ਼ਾਮਲ ਪਾਏ ਜਾਣ ’ਤੇ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਅਤੇ ਆਫੀਸ਼ੀਅਲ ਸੀਕ੍ਰੇਟਸ ਐਕਟ ਹੇਠ ਸਖ਼ਤ ਕਾਰਵਾਈ ਹੁੰਦੀ ਹੈ। ਜੇਲ੍ਹ ਜਾਣ ਦੇ ਨਾਲ ਹੀ ਸਰਕਾਰੀ ਨੌਕਰੀ, ਪਾਸਪੋਰਟ ਅਤੇ ਵਿਦੇਸ਼ ਜਾਣ ਦੇ ਸਾਰੇ ਰਸਤੇ ਹਮੇਸ਼ਾ ਲਈ ਬੰਦ ਹੋ ਜਾਂਦੇ ਹਨ।

ਵੱਡਾ ਆਰਥਿਕ ਨੁਕਸਾਨ ਅਤੇ ਬਲੈਕਮੇਲਿੰਗ : ਲਾਟਰੀ ਦੇ ਲਾਲਚ ’ਚ ਨੌਜਵਾਨ ਆਪਣੀ ਜਾਂ ਪਰਿਵਾਰ ਦੀ ਜਮ੍ਹਾ ਪੂੰਜੀ ਗੁਆ ਬੈਠਦੇ ਹਨ। ਇਕ ਵਾਰ ਜਾਲ ’ਚ ਫਸਣ ’ਤੇ ਏਜੰਟ ਨਿੱਜੀ ਫੋਟੋ/ਵੀਡੀਓ ਦੇ ਜ਼ੋਰ ’ਤੇ ਲਗਾਤਾਰ ਬਲੈਕਮੇਲ ਕਰਦੇ ਹਨ।

ਮਾਨਸਿਕ ਤਣਾਅ ਅਤੇ ਸਮਾਜਿਕ ਬਦਨਾਮੀ : ਠੱਗੀ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਨੌਜਵਾਨ ਡਿਪ੍ਰੈਸ਼ਨ ’ਚ ਚਲੇ ਜਾਂਦੇ ਹਨ। ਮਾਮਲਾ ਸਾਹਮਣੇ ਆਉਣ ’ਤੇ ਪਰਿਵਾਰ ਨੂੰ ਵੀ ਭਾਰੀ ਸਮਾਜਿਕ ਅਪਮਾਨ ਝੱਲਣਾ ਪੈਂਦਾ ਹੈ।

ਰਾਸ਼ਟਰੀ ਸੁਰੱਖਿਆ ਨੂੰ ਖਤਰਾ : ਜਾਣੇ-ਅਣਜਾਣੇ ’ਚ ਸ਼ੇਅਰ ਕੀਤੀ ਗਈ ਛੋਟੀ ਤੋਂ ਛੋਟੀ ਜਾਣਕਾਰੀ ਵੀ ਦੇਸ਼ ਅਤੇ ਫੌਜ ਦੀ ਸੁਰੱਖਿਆ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ।

ਸੁਰੱਖਿਆ ਏਜੰਸੀਆਂ ਦੀ ਨੌਜਵਾਨਾਂ ਨੂੰ ਅਪੀਲ

ਧਾਰਮਿਕ ਬਹਿਕਾਵੇ ਤੋਂ ਬਚੋ : ਕਿਸੇ ਵੀ ਵਿਅਕਤੀ, ਸੰਗਠਨ ਜਾਂ ਸੋਸ਼ਲ ਮੀਡੀਆ ਗਰੁੱਪ ਦੇ ਧਾਰਮਿਕ ਅਤੇ ਬਹਿਰਾਵੇ ’ਚ ਨਾ ਆਓ। ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ।

92 ਨੰਬਰਾਂ ਤੋਂ ਰਹੋ ਚੌਕਸ : 92 ਕੋਡ ਤੋਂ ਆਉਣ ਵਾਲੀ ਕਿਸੇ ਵੀ ਅਣਜਾਣੀ ਕਾਲ, ਲਾਟਰੀ ਵਾਲੇ ਮੈਸੇਜ ਜਾਂ ਵ੍ਹਟਸਐਪ ਲਿੰਕ ਨੂੰ ਤੁਰੰਤ ਇਗਨੋਰ, ਬਲਾਕ ਅਤੇ ਰਿਪੋਰਟ ਕਰੋ।

ਲਾਟਰੀ ਜਾਂ ਮੁਫਤ ਇਨਾਮ ਦੇ ਝਾਂਸੇ ’ਚ ਨਾ ਆਓ : ਬਿਨਾਂ ਕਿਸੇ ਮੁਕਾਬਲੇ ’ਚ ਭਾਗ ਲਏ ਕੋਈ ਲਾਟਰੀ ਨਹੀਂ ਲੱਗਦੀ। ਕਿਸੇ ਨੂੰ ਵੀ ਲਾਟਰੀ ਦੇ ਨਾਂ ’ਤੇ ਪੈਸੇ ਟਰਾਂਸਫਰ ਨਾ ਕਰੋ।

ਅਣਜਾਣ ਫ੍ਰੈਂਡ ਰਿਕਵੈਸਟ ਨਾ ਐਕਸੈਪਟ ਨਾ ਕਰੋ: ਸੋਸ਼ਲ ਮੀਡੀਆ ’ਤੇ ਅਣਜਾਣ ਲੋਕਾਂ ਨਾਲ ਦੋਸਤੀ ਅਤੇ ਸੰਵੇਦਨਸ਼ੀਲ ਫੋਟੋ/ਵੀਡੀਓ ਸ਼ੇਅਰ ਕਰਨ ਤੋਂ ਬਚੋ।

ਇਹ ਵੀ ਪੜ੍ਹੋ- ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ Visa Entry ਕੀਤੀ Free

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News