22 ਸਾਲਾ ਭਾਰਤੀ ਮੂਲ ਦੀ ਵਸੁਧਾ ਨੇ 99 ਸਾਲਾ ਬਿਰਮਨ ਨਾਲ ਸੁਲਝਾਈ 90 ਸਾਲ ਪੁਰਾਣੀ ''ਪਹੇਲੀ''
Tuesday, Sep 08, 2026 - 02:31 PM (IST)
ਇੰਟਰਨੈਸ਼ਨਲ ਡੈਸਕ- ਗਣਿਤ ਦੀ ਦੁਨੀਆ ਵਿਚ ਉਮਰ ਅਤੇ ਤਜਰਬੇ ਦੇ ਨਾਲ ਯੁਵਾ ਪ੍ਰਤਿਭਾ ਦੇ ਅਦਭੁਤ ਮੇਲ ਨੇ ਇਤਿਹਾਸ ਰਚ ਦਿੱਤਾ ਹੈ। ਕੋਲੰਬੀਆ ਯੂਨੀਵਰਸਿਟੀ ਦੀ ਰਿਟਾਇਰਡ ਗਣਿਤਸ਼ਾਸਤਰੀ 99 ਸਾਲਾ ਡਾ. ਜੋਨ ਬਿਰਮਨ ਅਤੇ 22 ਸਾਲਾ ਭਾਰਤੀ ਮੂਲ ਦੀ ਗਣਿਤਸ਼ਾਸਤਰੀ ਵਸੁਧਾ ਭਰਤਰਾਮ ਨੇ ਲੱਗਭਗ 90 ਸਾਲਾਂ ਤੋਂ ਅਣਸੁਲਝੀ ਇਕ ਗਣਿਤਕ ਪਹੇਲੀ ਨੂੰ ਹੱਲ ਕਰ ਦਿੱਤਾ ਹੈ। ਦੋਵਾਂ ਨੇ ‘ਬ੍ਰੈੱਡ ਥਿਊਰੀ’ ਨਾਲ ਜੁੜੇ ਉਸ ਸਵਾਲ ਦਾ ਹੱਲ ਲੱਭਿਆ, ਜਿਸ ’ਤੇ ਦੁਨੀਆ ਦੇ ਦਿੱਗਜ ਗਣਿਤਸ਼ਾਸਤਰੀ ਦਹਾਕਿਆਂ ਤੋਂ ਕੰਮ ਕਰ ਰਹੇ ਸਨ।
15 ਸਾਲ ਦੀ ਉਮਰ ’ਚ ਭੇਜੀ ਸੀ ਪ੍ਰੋਫ਼ੈਸਰ ਨੂੰ ਈ-ਮੇਲ
ਲੱਗਭਗ 7 ਸਾਲ ਪਹਿਲਾਂ ਡਾ. ਬਿਰਮਨ ਨੂੰ ਇਕ 15 ਸਾਲਾ ਹਾਈ ਸਕੂਲ ਦੀ ਵਿਦਿਆਰਥਣ ਦੀ ਈ-ਮੇਲ ਮਿਲੀ। ਵਿਦਿਆਰਥਣ ਨੇ ਲਿਖਿਆ ਸੀ ਕਿ ਉਸ ਨੇ ਹਾਲ ਹੀ ਵਿਚ ਆਪਣਾ ਪਹਿਲਾ ਗਣਿਤਕ ਪ੍ਰੂਫ਼ ਪੜ੍ਹਿਆ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਗਣਿਤ ਕਿਤਾਬਾਂ ਵਿਚ ਪੜ੍ਹਾਈਆਂ ਜਾਣ ਵਾਲੀਆਂ ਚੀਜ਼ਾਂ ਤੋਂ ਕਿਤੇ ਅੱਗੇ ਹੈ। ਉਸ ਨੇ ਪੁੱਛਿਆ ਸੀ ਕਿ ਕੀ ਪ੍ਰੋਫ਼ੈਸਰ ਉਸ ਨੂੰ ਉਹ ਗਣਿਤ ਸਿਖਾ ਸਕਦੀ ਹਨ, ਜੋ ਉਹ ਸਕੂਲ ਵਿਚ ਨਹੀਂ ਸਿੱਖ ਪਾ ਰਹੀ ਹੈ। ਇਹ ਵਿਦਿਆਰਥਣ ਵਸੁਧਾ ਭਰਤਰਾਮ ਸੀ, ਜੋ ਪਰਿਵਾਰ ਦੇ ਨਾਲ ਕੁਝ ਸਾਲ ਪਹਿਲਾਂ ਭਾਰਤ ਤੋਂ ਨਿਊਯਾਰਕ ਆਈ ਸੀ।
ਕੀ ਹੈ ‘ਬ੍ਰੈੱਡ ਥਿਊਰੀ’ ਦਾ ਔਖਾ ਸਵਾਲ ?
ਬ੍ਰੈੱਡ ਥਿਊਰੀ ਵਿਚ ਵਾਲਾਂ ਦੀ ਗੁੱਤ ਵਾਂਗ ਆਪਸ ਵਿਚ ਲਿਪਟੇ ਧਾਗਿਆਂ ਦੇ ਢਾਂਚੇ ਦਾ ਗਣਿਤਕ ਅਧਿਐਨ ਕੀਤਾ ਜਾਂਦਾ ਹੈ। ਇਨ੍ਹਾਂ ਢਾਂਚਿਆਂ ਨੂੰ ਬੀਜਗਣਿਤਕ ਸਮੀਕਰਨਾਂ ਵਿਚ ਬਦਲਿਆ ਜਾਂਦਾ ਹੈ। ਲੱਗਭਗ 90 ਸਾਲ ਪਹਿਲਾਂ ਇਹ ਸਵਾਲ ਸਾਹਮਣੇ ਆਇਆ ਸੀ ਕਿ ਚਾਰ ਧਾਗਿਆਂ ਵਾਲੇ ਅਜਿਹੇ ਢਾਂਚੇ ਨੂੰ ਸਮੀਕਰਨਾਂ ਵਿਚ ਬਦਲਣ ਤੋਂ ਬਾਅਦ ਕੀ ਉਸ ਦੀ ਮੂਲ ਪਛਾਣ ਅਤੇ ਢਾਂਚਾ ਸੁਰੱਖਿਅਤ ਰਹਿੰਦਾ ਹੈ ਜਾਂ ਨਹੀਂ। ਤਿੰਨ ਧਾਗਿਆਂ ਦੇ ਮਾਮਲੇ ਵਿਚ ਇਹ ਸਿਧਾਂਤ ਸਹੀ ਸਾਬਤ ਹੋ ਚੁੱਕਾ ਸੀ, ਜਦਕਿ ਪੰਜ ਜਾਂ ਉਸ ਤੋਂ ਵੱਧ ਧਾਗਿਆਂ ਦੇ ਮਾਮਲੇ ਵਿਚ ਇਸ ਨੂੰ ਗਲਤ ਸਾਬਤ ਕੀਤਾ ਜਾ ਚੁੱਕਾ ਸੀ, ਪਰ ਚਾਰ ਧਾਗਿਆਂ ਵਾਲਾ ਮਾਮਲਾ ਦਹਾਕਿਆਂ ਤੱਕ ਗਣਿਤਸ਼ਾਸਤਰੀਆਂ ਲਈ ਪਹੇਲੀ ਬਣਿਆ ਰਿਹਾ। ਦੁਨੀਆ ਭਰ ਦੇ ਮਾਹਰ ਇਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਨਿਰਣਾਇਕ ਉੱਤਰ ਨਹੀਂ ਮਿਲ ਸਕਿਆ। ਇਸ ਨੂੰ ਗਣਿਤ ਦੀਆਂ ਬਹੁਤ ਔਖੀਆਂ ਚੁਣੌਤੀਆਂ ਵਿਚ ਗਿਣਿਆ ਜਾਣ ਲੱਗਾ।
