ਇਟਲੀ ''ਚ ਨਸ਼ਾ ਤਸਕਰੀ ਵਿਰੁੱਧ ਪੁਲਸ ਦੀ ਵੱਡੀ ਕਾਰਵਾਈ: 15,000 ਡੋਡਿਆਂ ਦੇ ਦਾਣਿਆਂ ਸਣੇ ਇਕ ਭਾਰਤੀ ਕਾਬੂ

Friday, Jan 09, 2026 - 06:34 PM (IST)

ਇਟਲੀ ''ਚ ਨਸ਼ਾ ਤਸਕਰੀ ਵਿਰੁੱਧ ਪੁਲਸ ਦੀ ਵੱਡੀ ਕਾਰਵਾਈ: 15,000 ਡੋਡਿਆਂ ਦੇ ਦਾਣਿਆਂ ਸਣੇ ਇਕ ਭਾਰਤੀ ਕਾਬੂ

ਰੋਮ, (ਦਲਵੀਰ ਸਿੰਘ ਕੈਂਥ)- ਇਟਲੀ ਦੀ ਪੁਲਸ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਧੰਦਿਆਂ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਆਪਣੀ ਮੁਸਤੈਦੀ ਵਧਾ ਦਿੱਤੀ ਹੈ। ਇਸੇ ਮੁਹਿੰਮ ਤਹਿਤ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੀ ਪੁਲਸ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਜੰਗ ਛੇੜੀ ਹੋਈ ਹੈ। ਤਾਜ਼ਾ ਮਾਮਲੇ ਵਿੱਚ ਪੁਲਸ ਨੇ ਤੇਰਾਚੀਨਾ ਸ਼ਹਿਰ ਵਿਖੇ ਇੱਕ ਭਾਰਤੀ ਨੌਜਵਾਨ ਦੀ ਤਲਾਸ਼ੀ ਲਈ, ਜਿਸ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ।

ਗ੍ਰਿਫ਼ਤਾਰ ਕੀਤੇ ਗਏ ਭਾਰਤੀ ਨੌਜਵਾਨ ਦੇ ਘਰ ਦੀ ਜਦੋਂ ਡੂੰਘਾਈ ਨਾਲ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਕਾਲੇ ਲਿਫ਼ਾਫ਼ਿਆਂ ਵਿੱਚ ਲੁਕਾ ਕੇ ਰੱਖੇ ਹੋਏ 15,000 ਡੋਡਿਆਂ ਦੇ ਦਾਣੇ ਮਿਲੇ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਇਟਲੀ ਵਿੱਚ ਬਿਨ੍ਹਾਂ ਕਾਗਜ਼ਾਂ (ਪੇਪਰਾਂ) ਦੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਭਾਰਤੀ ਨੌਜਵਾਨ ਤੋਂ 54 ਕਿਲੋਗ੍ਰਾਮ ਡੋਡੇ, ਅਫ਼ੀਮ ਅਤੇ ਹਜ਼ਾਰਾਂ ਯੂਰੋ ਦੀ ਨਕਦੀ ਫੜ੍ਹੀ ਗਈ ਸੀ।

ਜਾਣਕਾਰੀ ਅਨੁਸਾਰ ਇਟਲੀ ਵਿੱਚ ਕੁਝ ਪ੍ਰਵਾਸੀ ਲੋਕ ਇਨ੍ਹਾਂ ਡੋਡਿਆਂ ਨੂੰ ਨਸ਼ੇ ਵਜੋਂ ਚਬਾ ਕੇ, ਪੀਸ ਕੇ ਜਾਂ ਪਾਣੀ ਵਿੱਚ ਭਿਉਂ ਕੇ ਵਰਤਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰਕ ਥਕਾਵਟ, ਸੁਸਤੀ ਜਾਂ ਨੀਂਦ ਮਹਿਸੂਸ ਨਹੀਂ ਹੁੰਦੀ, ਜਿਸ ਕਾਰਨ ਕੰਮਾਂ ਦੇ ਮੁਖੀ (ਕਾਪੋ) ਕਈ ਵਾਰ ਮਜ਼ਦੂਰਾਂ ਨੂੰ ਜ਼ਬਰੀ ਇਹ ਨਸ਼ਾ ਕਰਨ ਲਈ ਮਜ਼ਬੂਰ ਕਰਦੇ ਹਨ ਤਾਂ ਜੋ ਉਹ ਜ਼ਿਆਦਾ ਕੰਮ ਕਰ ਸਕਣ।

ਪੁਲਸ ਵੱਲੋਂ ਕੀਤੀ ਜਾ ਰਹੀ ਪੁੱਛ-ਗਿੱਛ ਵਿੱਚ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਇਹ ਸਮੱਗਰੀ ਲੰਬਾਦਰੀਆ ਸੂਬੇ ਵਿੱਚੋਂ ਲਿਆ ਕੇ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚ ਰਹੇ ਹਨ। ਫਿਲਹਾਲ ਪੁਲਸ ਇਸ ਸਾਰੇ ਨੈੱਟਵਰਕ ਨੂੰ ਤੋੜਨ ਲਈ ਪੂਰੀ ਤਰ੍ਹਾਂ ਸਰਗਰਮ ਹੈ।

ਇਹ ਕਾਰਵਾਈ ਇਟਲੀ ਵਿੱਚ ਵੱਸਦੇ ਨੌਜਵਾਨ ਵਰਗ, ਖਾਸ ਕਰਕੇ ਪ੍ਰਵਾਸੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।
 

 


author

Rakesh

Content Editor

Related News