ਨਿਊਜ਼ੀਲੈਂਡ ''ਚ ਕਾਰ ਹੇਠ ਆਉਣ ਕਾਰਨ ਭਾਰਤੀ ਕੁੜੀ ਦੀ ਮੌਤ
Friday, Apr 13, 2018 - 01:56 PM (IST)

ਵੈਲਿੰਗਟਨ— ਨਿਊਜ਼ੀਲੈਂਡ 'ਚ 22 ਸਾਲਾ ਭਾਰਤੀ ਮੂਲ ਦੀ ਕੁੜੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਹਰਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਉਸ ਦੇ ਘਰ 'ਚ ਹੀ ਹਾਦਸਾ ਵਾਪਰ ਗਿਆ। ਹਰਪ੍ਰੀਤ ਆਪਣੀ ਭੈਣ ਨਾਲ ਕਾਰ ਸਟਾਰਟ ਕਰ ਰਹੀ ਸੀ ਪਰ ਕਾਰ ਢਲਾਣ ਵਾਲੀ ਥਾਂ 'ਤੇ ਖੜ੍ਹੀ ਸੀ ਅਤੇ ਉਹ ਹੇਠਾਂ ਖਿਸਕਣ ਲੱਗ ਗਈ। ਕਾਰ ਨੂੰ ਰੋਕਣ ਦੀ ਕੋਸ਼ਿਸ਼ 'ਚ ਹਰਪ੍ਰੀਤ ਡਿੱਗ ਗਈ ਅਤੇ ਕਾਰ ਹੇਠਾਂ ਆਉਣ ਕਰਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਉਸ ਦੇ ਸਿਰ 'ਚ ਡੂੰਘੀਆਂ ਸੱਟਾਂ ਲੱਗੀਆਂ ਅਤੇ ਇਸੇ ਕਾਰਨ ਉਸ ਦੀ ਮੌਤ ਹੋ ਗਈ। ਉਂਝ ਹਰਪ੍ਰੀਤ ਆਕਲੈਂਡ ਦੀ ਮੈਸੀ ਯੂਨੀਵਰਸਿਟੀ 'ਚ ਪੜ੍ਹਾਈ ਕਰਦੀ ਸੀ ਤੇ ਆਪਣੀ ਭੈਣ ਕੋਲ ਕੁੱਝ ਦਿਨ ਪਹਿਲਾਂ ਵਲਿੰਗਟਨ ਆਈ ਸੀ ਅਤੇ ਇੱਥੇ ਹੀ ਉਸ ਦੀ ਮੌਤ ਹੋ ਗਈ।
ਉਸ ਦੀ ਭੈਣ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸ ਦੇ ਵੀ ਹਲਕੀਆਂ ਸੱਟਾਂ ਲੱਗੀਆਂ ਪਰ ਹਰਪ੍ਰੀਤ ਦਮ ਤੋੜ ਗਈ। ਇਸ ਘਟਨਾ ਮਗਰੋਂ ਇੱਥੇ ਰਹਿ ਰਹੇ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਪ੍ਰੀਤ ਹਰ ਸਮੇਂ ਖੁਸ਼ ਰਹਿੰਦੀ ਸੀ ਪਰ ਇਸ ਸਮੇਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।