ਅਮਰੀਕਾ 'ਚ ਭਾਰਤੀ ਨਵ-ਵਿਆਹੁਤਾ ਵੱਲੋਂ ਪਤੀ 'ਤੇ ਗੰਭੀਰ ਇਲਜ਼ਾਮ, ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ
Friday, Aug 06, 2021 - 04:29 PM (IST)
ਵਾਸ਼ਿੰਗਟਨ (ਭਾਸ਼ਾ) : ਮਾਰਚ ਵਿਚ ਅਮਰੀਕਾ ਆਈ ਇਕ ਨਵ-ਵਿਆਹੁਤਾ ਭਾਰਤੀ ਮਹਿਲਾ ਨੇ ਪਤੀ ’ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ ਅਤੇ ਨਿਆ ਪਾਉਣ ਦੀ ਆਸ ਵਿਚ ਕਈ ਹਫ਼ਤਿਆਂ ਤੋਂ ਦਰ-ਦਰ ਭਟਕ ਰਹੀ ਹੈ। ਬਿਹਾਰ ਦੇ ਪਟਨਾ ਦੀ ਰਹਿਣ ਵਾਲੀ ਮਹਿਲਾ ਨੇ ਭਾਰਤ ਸਰਕਾਰ, ਇੱਥੇ ਭਾਰਤੀ ਦੂਤਘਰ ਅਤੇ ਸੈਨ ਫ੍ਰਾਂਸਿਸਕੋ ਵਿਚ ਵਣਦ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਇਕ ਸ਼ਿਕਾਇਤ ਵਿਚ ਕਿਹਾ, ‘ਮੇਰੇ ਪਤੀ ਨੇ ਬਿਨਾਂ ਕਿਸੇ ਵਿੱਤੀ ਮਦਦ ਦੇ ਮੈਨੂੰ ਇਕੱਲਾ ਛੱਡ ਦਿੱਤਾ ਹੈ। ਮੇਰਾ ਇੱਥੇ ਕੋਈ ਆਸਰਾ ਨਹੀਂ ਹੈ। ਭਾਰਤ ਵਿਚ ਮੇਰੇ ਮਾਤਾ-ਪਿਤਾ ਨੇ ਮੇਰੇ ਸਹੁਰੇ ਤੋਂ ਮਦਦ ਮੰਗੀ ਹੈ ਪਰ ਉਹ ਮੇਰੇ ਪਤੀ ਕੋਲ ਮੈਨੂੰ ਵਾਪਸ ਭੇਜਣ ਲਈ ਦਾਜ ਮੰਗ ਰਹੇ ਹਨ।’
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਦੇ ਇਨ੍ਹਾਂ ਸ਼ਹਿਰਾਂ ਤੋਂ UAE ਲਈ ਉਡਾਣਾਂ
ਅਨਾਮਿਕਾ (ਬਦਲਿਆ ਹੋਇਆ ਨਾਂ) ਨੇ ਨਿਆ ਮੰਗਣ ਲਈ ਅਮਰੀਕੀ ਵਿਦੇਸ਼ ਮੰਤਰਾਲਾ ਨਾਲ ਵੀ ਸੰਪਰਕ ਕੀਤਾ, ਜਿਸ ਨੇ ਉਸ ਦੇ ਪਤੀ ਨੂੰ ਐਫ-1 ਵਿਦਿਆਰਥੀ ਵੀਜ਼ਾ ਜਾਰੀ ਕੀਤਾ ਸੀ। ਉਸ ਨੇ ਫਰੈਡੀ ਮੈਕ ਦਾ ਵੀ ਰੁਖ ਕੀਤਾ ਹੈ, ਜਿੱਥੇ ਉਸ ਦਾ ਪਤਾ ਅਸਥਾਈ ਰੂਪ ਨਾਲ ਤਾਇਨਾਤ ਹੈ ਪਰ ਉਸ ਨੂੰ ਹੁਣ ਤੱਕ ਇਸ ਸਬੰਧ ਵਿਚ ਕੋਈ ਰਾਹਤ ਨਹੀਂ ਮਿਲੀ ਹੈ। ਤਸ਼ੱਦਦ ਇਸ ਪੱਧਰ ’ਤੇ ਪਹੁੰਚ ਗਿਆ ਸੀ ਕਿ 15 ਜੂਨ ਨੂੰ ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਉਪ ਨਗਰ ਦੇ ਮੈਕਲੇਨ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿਚ ਪੁਲਸ ਨੂੰ ਸੱਦਣਾ ਪਿਆ ਸੀ। ਉਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ, ‘ਪੁਲਸ ਨੇ ਮੈਨੂੰ ਕੈਬ ਵਿਚ ਬਿਠਾਇਆ।’ ਸਥਾਨਕ ਫੇਅਰਫੈਕਸ ਕਾਉਂਟੀ ਪੁਲਸ ਨੇ ਉਸ ਦੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਅਤੇ ਉਹ ਇਸ ਨੂੰ ਅਪਰਾਧਕ ਸ਼ਿਕਾਇਤ ਦੇ ਤੌਰ ’ਤੇ ਦੇਖ ਰਹੇ ਹਨ।
ਇਹ ਵੀ ਪੜ੍ਹੋ: ਚੀਨ ਨੇ ਬੀਤੇ ਸਾਲ ਵਾਇਰਸ ਮੁਕਤ ਹੋਣ ਦਾ ਕੀਤਾ ਸੀ ਦਾਅਵਾ, ਹੁਣ ਫਿਰ ਲਗਾਉਣਾ ਪਿਆ ਲਾਕਡਾਊਨ
ਉਸ ਨੇ ਪੀ.ਟੀ.ਆਈ. ਨੂੰ ਦੱਸਿਆ, ‘ਪੁਲਸ ਨੇ ਮੈਨੂੰ ਉਸ ਦੀ ਬੇਰਹਿਮੀ ਤੋਂ ਬਚਾਇਆ, ਕਿਉਂਕਿ ਮੇਰੀ ਜ਼ਿੰਦਗੀ ਖ਼ਤਰੇ ਵਿਚ ਸੀ।’ ਅਨਾਮਿਕਾ ਨੇ ਆਪਣੀ ਸ਼ਿਕਾਇਤ ਵਿਚ ਅੱਗੇ ਕਿਹਾ, ‘ਮੈਂ ਆਪਣੇ ਪਤੀ ਨਾਲ 1 ਮਾਰਚ 2021 ਨੂੰ ਅਮਰੀਕਾ ਪਹੁੰਚੀ ਸੀ ਅਤੇ ਉਸ ਨਾਲ ਵਰਜੀਨੀਆ ਦੇ ਮੈਕਲੇਨ ਵਿਚ ਰਹਿ ਰਹੀ ਸੀ। ਅਮਰੀਕਾ ਪਹੁੰਚ ਕੇ ਮੇਰੇ ਪਤੀ ਨੇ ਮੇਰੇ ਨਾਲ ਘਰੇਲੂ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੇਰੇ ਮਾਤਾ-ਪਿਤਾ ਤੋਂ ਦਾਜ ਮੰਗਣ ਲੱਗੇ।’ ਉਥੇ ਹੀ ਪਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦੱਸਿਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਅਨਾਮਿਕਾ ਦਾ ਦੋਸ਼ ਹੈ ਕਿ ਉਸ ਦਾ ਪਤੀ ਉਸ ’ਤੇ ਦੋਸ਼ ਲਗਾਉਂਦਾ ਸੀ ਕਿ ਉਹ ਗਰਭਵਤੀ ਹੋਣ ਤੋਂ ਬਚਣ ਲਈ ਕੁਝ ਨਾ ਕੁਝ ਕਰਦੀ ਹੈ ਅਤੇ ਇਸ ਨੂੰ ਲੈ ਕੇ ਉਹ ਉਸ ਨਾਲ ਦੁਰਵਿਵਹਾਰ ਕਰਦਾ ਸੀ।
ਇਹ ਵੀ ਪੜ੍ਹੋ: ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਨੂੰ ਮਿਲੇਗਾ 4 ਕਰੋੜ ਰੁਪਏ ਦਾ ਇਨਾਮ, ਹਰਿਆਣਾ ਦੇ CM ਨੇ ਕੀਤਾ ਐਲਾਨ
‘ਸਾਊਥ ਏਸ਼ੀਆ ਮਾਈਨੋਰਿਟੀਜ਼ ਅਲਾਇੰਸ ਫਾਊਂਡੇਸ਼ਨ’ ਨੇ ਕਿਹਾ ਕਿ ਉਹ ਅਮਰੀਕਾ ਵਿਚ ਵਰਕ ਵੀਜ਼ਾ ’ਤੇ ਕੰਮ ਕਰਕੇ ਭਾਰਤੀ ਜਾਂ ਦੱਖਣੀ ਏਸ਼ੀਆਈ ਪੇਸ਼ੇਵਰਾਂ ਨਾਲ ਵਿਆਹੀਆਂ ‘ਕੁੜੀਆਂ ਨਾਲ ਤਸ਼ੱਦਦ’ ਦੇ ਮਾਮਲਿਆਂ ਨੂੰ ਵਿਦੇਸ਼ ਮੰਤਰਾਲਾ ਸਮੇਤ ਅਮਰੀਕਾ ਵਿਚ ਹੋਰ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।