ਨਿਊਜ਼ੀਲੈਂਡ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ, ਮਹਿਲਾ ਕਬੱਡੀ ਟਰਾਫੀ ''ਤੇ ਭਾਰਤੀ ਟੀਮ ਦਾ ਕਬਜ਼ਾ

12/01/2019 7:19:53 PM

ਆਕਲੈਂਡ (ਨਿਊਜ਼ੀਲੈਂਡ) 1 ਦਸੰਬਰ (ਸੋਢੀ, ਸੈਣੀ, ਖੁਰਦ) : 30 ਨਵੰਬਰ ਤੋਂ ਸ਼ੁਰੂ ਹੋਈਆਂ ਦੋ ਦਿਨਾ ਸਿੱਖ ਖੇਡਾਂ ਅੱਜ ਸ਼ਾਨਦਾਰ ਅੰਦਾਜ਼ ਵਿਚ ਸਫਲਤਾਪੂਰਵਕ ਸੰਪੰਨ ਹੋ ਗਈਆਂ। ਸਵੇਰ ਤੋਂ ਵੱਖ-ਵੱਖ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਚੱਲ ਰਹੇ ਸਨ। ਵੱਡੀ ਗਿਣਤੀ 'ਚ ਪਹੁੰਚੇ ਆਸਟਰੇਲੀਆ ਅਤੇ ਸਥਾਨਕ ਲੋਕ ਜਿੱਥੇ ਕਬੱਡੀ ਮੈਚਾਂ ਦਾ ਆਨੰਦ ਮਾਣਦੇ ਰਹੇ, ਉਥੇ ਹੀ ਉਨ੍ਹਾਂ ਸਟੇਜ 'ਤੇ ਚੱਲ ਰਹੇ ਰੰਗਾਰੰਗ ਪ੍ਰੋਗਰਾਮ, ਬੱਚਿਆਂ ਲਈ ਬਣਾਏ ਗਏ ਖਾਸ ਕਿੱਡਜ਼ ਜ਼ੋਨ ਅਤੇ ਗੁਰੂ ਕੇ ਲੰਗਰਾਂ ਵਿਚ ਵੀ ਪੰਗਤ 'ਚ ਬੈਠ ਕੇ ਹਾਜ਼ਰੀ ਲਵਾਈ। ਮੁੱਖ ਸਟੇਜ 'ਤੇ ਜਿੱਥੇ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਛਾਈਆਂ ਰਹੀਆਂ, ਉਥੇ ਹੀ ਪੰਜਾਬ ਤੋਂ ਪਹੁੰਚੇ ਗਾਇਕ ਹਰਮਿੰਦਰ ਨੂਰਪੁਰੀ ਨੇ ਵੀ ਚੋਖਾ ਰੰਗ ਬੰਨ੍ਹਿਆ। ਉਨ੍ਹਾਂ ਸਿੱਖ ਖੇਡਾਂ ਦਾ ਵਿਸ਼ੇਸ਼ ਗੀਤ  'ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ', 'ਹੁਣ ਨਾ ਮਹਿਫਲ ਜੁੜਦੀ ਏ ਮੇਰੇ ਪਿੰਡ ਦੀਆਂ ਸੱਥਾਂ 'ਤੇ', 'ਖੁੱਲ੍ਹੇ ਬੂਹੇ ਮਿੱਤਰਾਂ ਦੇ ਜਦੋਂ ਮਰਜ਼ੀ ਮਾਰ ਜਈ ਗੇੜਾ' ਗਾ ਕੇ ਸੁਣਾਇਆ।

PunjabKesari

ਗੀਤਕਾਰ ਹਰਵਿੰਦਰ ਉਹੜਪੁਰੀ ਨੇ ਵੀ ਇਸ ਮੌਕੇ ਦਰਸ਼ਕਾਂ ਨਾਲ ਕੁਝ ਗੀਤਾਂ ਦੇ ਬੋਲਾਂ ਨਾਲ ਸ਼ਾਇਰੀਨੁਮਾ ਸਾਂਝ ਪਾਈ। ਕਬੱਡੀ ਦੇ ਮੈਚ ਉਪਰੰਤ ਮੀਂਹ ਸ਼ੁਰੂ ਹੋਣ ਕਾਰਣ ਹਾਲਾਂਕਿ ਥੋੜ੍ਹਾ ਅੜਿੱਕਾ ਪਿਆ ਪਰ ਦਰਸ਼ਕਾਂ ਨੇ ਮੀਂਹ ਵਿਚਾਲੇ ਵੀ ਖਿਡਾਰੀਆਂ ਦੀ ਪੂਰੀ ਹਮਾਇਤ ਕੀਤੀ। ਇਸ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਸਮਾਪਤੀ ਵੇਲੇ ਜੇਤੂਆਂ ਅਤੇ ਉਪ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਨਿਊਜ਼ੀਲੈਂਡ ਪੁਲਸ ਦੇ ਜਵਾਨਾਂ ਨੂੰ ਗਰੇਵਾਲ ਬ੍ਰਦਰਜ਼ ਵਲੋਂ ਬਦਾਮਾਂ  ਦੇ ਪੈਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਤੇਜ ਰੰਧਾਵਾ, ਪਰਮਿੰਦਰ ਸਿੰਘ ਪਾਪਾ ਟੋਏ ਟੋਏ, ਨਰਿੰਦਰਬੀਰ ਸਿੰਘ, ਲਵਲੀਨ ਨਿੱਝਰ, ਜੱਸੀ ਸਿੰਘ, ਹਰਮੀਕ ਸਿੰਘ ਮੁਕਤਸਰ ਅਤੇ ਹੋਰ ਕਈ ਕਲਾਕਾਰਾਂ ਨੇ ਆਪਣਾ ਯੋਗਦਾਨ ਪਾਇਆ। ਅਮਰੀਕ ਸਿੰਘ ਅਤੇ ਸੋਹਣ ਸਿੰਘ ਨੇ ਸਟੇਜ 'ਤੇ ਸਾਜਾਂ ਅਤੇ ਭੰਗੜੇ ਨਾਲ ਸਾਥ ਦਿੱਤਾ। ਮਿਊਜ਼ੀਕਲ ਚੇਅਰ ਵਿਚ ਵੀ ਖੂਬ ਹਾਸਾ-ਠੱਠਾ ਹੋਇਆ। ਦਸਤਾਰਾਂ ਸਜਾਉਣ ਦਾ ਕਾਰਜ ਇਕ ਵਾਰ ਫਿਰ ਮਨਜੀਤ ਸਿੰਘ ਫਿਰੋਜ਼ਪੁਰੀਆ, ਬੀਬੀ ਅਰਵਿੰਦਰ ਕੌਰ ਅਤੇ ਕੁਲਦੀਪ ਸਿੰਘ ਰਾਜਾ ਨੇ ਕੀਤਾ। ਸੋਹਣੀ ਦਸਤਾਰ ਦੇ ਮੁਕਾਬਲੇ ਵਿਚ ਇਨਾਮ ਵੰਡੇ ਗਏ। ਅੰਤਿਮ ਨਤੀਜਿਆਂ ਵਿਚ ਪੁਰਸ਼ਾਂ ਦੇ ਹੋਏ ਕਬੱਡੀ ਮੈਚ ਵਿਚ ਮੀਰੀ-ਪੀਰੀ ਆਸਟਰੇਲੀਆ ਨੇ ਬੇਅ ਆਫ ਪਲੈਨਟੀ ਕਲੱਬ ਨੂੰ ਹਰਾ ਕੇ ਟਰਾਫੀ ਦੀ ਫਲਾਈਟ ਪੱਕੀ ਕੀਤੀ। ਮਹਿਲਾਵਾਂ ਦੇ ਹੋਏ ਕਬੱਡੀ ਮੁਕਾਬਲੇ ਵਿਚ ਇੰਡੀਆ ਦੀ ਟੀਮ ਜੇਤੂ ਰਹੀ ਅਤੇ ਟਰਾਫੀ 'ਤੇ ਆਪਣਾ ਕਬਜ਼ਾ ਕਾਇਮ ਰੱਖਿਆ।

PunjabKesari

400 ਮੀਟਰ ਦੀ ਦੌੜ ਜਗਜੀਤ ਸਿੰਘ ਸਿੱਧੂ ਨੇ ਜਿੱਤੀ ਤੇ ਉਹ 100 ਅਤੇ 200 ਮੀਟਰ ਦੀ ਦੌੜ ਵਿਚ ਵੀ ਤੀਜੇ ਸਥਾਨ 'ਤੇ ਰਿਹਾ। 60 ਸਾਲ ਦੀ ਉਮਰ ਵਰਗ ਵਿਚ ਖੜਕ ਸਿੰਘ ਨੇ 400 ਮੀਟਰ ਅਤੇ 100 ਮੀਟਰ ਦੌੜ ਵਿਚ ਪਹਿਲਾ ਇਨਾਮ ਹਾਸਲ ਕੀਤਾ। ਕਲੇਅ ਸ਼ੂਟਿੰਗ ਮੁਕਾਬਲੇ ਵਿਚ ਬ੍ਰਿਜੇਸ਼ ਸਿੰਘ ਸੰਧੂ ਪਹਿਲੇ, ਡੌਨ ਗਰੇਵਾਲ ਦੂਜੇ, ਰਣਬੀਰ ਸਿੰਘ ਸੰਧੂ ਤੀਜੇ ਤੇ ਲਾਲੀ ਸੰਧੂ ਚੌਥੇ ਨੰਬਰ 'ਤੇ ਰਹੇ। ਖੇਡਾਂ ਦੀ ਸਮਾਪਤੀ ਉਪਰੰਤ ਮੁੱਖ ਪ੍ਰਬੰਧਕ ਦਿਲਜੀਤ ਸਿੱਧੂ ਅਤੇ ਤਾਰਾ ਸਿੰਘ ਬੈਂਸ ਵਲੋਂ ਜਿੱੱਥੇ ਸਥਾਨਕ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਪਿਛਲੇ 32 ਸਾਲਾਂ ਤੋਂ ਆਸਟਰੇਲੀਆ 'ਚ ਸਿੱਖ ਖੇਡਾਂ ਕਰਵਾ ਰਹੀ ਟੀਮ ਦੇ ਮੈਂਬਰ ਮਨਜੀਤ ਬੋਪਾਰਾਏ, ਸਤਨਾਮ ਪਾਬਲਾ, ਰਣਜੀਤ ਖੇੜਾ ਅਤੇ ਮੁਖਤਾਰ ਬਾਸੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਦਿਲਜੀਤ ਸਿੱਧੂ ਨੇ ਐਲਾਨ ਕੀਤਾ ਕਿ ਉਹ ਹਰ ਸਾਲ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਯਤਨਸ਼ੀਲ ਰਹਿਣਗੇ।

PunjabKesari


Related News