ਸਕਾਟਲੈਂਡ ਵਿਖੇ ਭਾਰਤੀ ਸਫਾਰਤਖਾਨੇ ਅੱਗੇ ਪਈ ਦਲਿਤ ਅੱਤਿਆਚਾਰ ਵਿਰੋਧੀ ਨਾਅਰਿਆਂ ਦੀ ਗੂੰਜ

06/20/2017 6:21:38 PM

ਲੰਡਨ (ਮਨਦੀਪ ਖੁਰਮੀ)— ਭਾਰਤ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਹੋਈਆਂ ਸਹਾਰਨਪੁਰ ਕਾਂਡ ਵਰਗੀਆਂ ਵਾਰਦਾਤਾਂ ਨੇ ਵਿਸ਼ਵ ਭਰ ਵਿਚ ਵੱਸਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਘੱਟ ਗਿਣਤੀਆਂ ਨਾਲ ਆਪਣੇ ਦੇਸ਼ ਅੰਦਰ ਹੁੰਦੇ ਮਤਰੇਏ ਬੱਚਿਆਂ ਵਰਗੇ ਵਤੀਰੇ ਦੇ ਰੋਸ ਵਜੋਂ ਸਕਾਟਲੈਂਡ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਐਡਿਨਬਰਾ ਸਥਿਤ ਭਾਰਤੀ ਸਫ਼ਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੁਜਾਹਰੇ ਦੌਰਾਨ ਗੁਰੂ ਰਵਿਦਾਸ ਕਮਿਊਨਿਟੀ ਦੇ ਜਨਰਲ ਸਕੱਤਰ ਹੁਸਨ ਲਾਲ, ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਬੀ. ਡੀ. ਗਿੰਦਾ, ਜਨਰਲ ਸਕੱਤਰ ਐੱਸ਼. ਆਰ. ਬੱਗਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਪਰਮਜੀਤ ਸਿੰਘ ਬਾਸੀ, ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਵੱਲੋਂ ਏ. ਪੀ. ਕੌਸ਼ਲ, ਸੋਹਣ ਸਿੰਘ ਰੰਧਾਵਾ, ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਜਨਰਲ ਸਕੱਤਰ ਦਲਜੀਤ ਦਿਲਬਰ, ਜਗਦੀਸ਼ ਸਿੰਘ, ਹਰਜੀਤ ਦੁਸਾਂਝ ਅਤੇ ਮੁਜਾਹਰੇ ਦੇ ਕੋਆਰਡੀਨੇਟਰ ਤਰਲੋਚਨ ਮੁਠੱਡਾ ਦੀ ਅਗਵਾਈ ਵਿਚ ਭਾਰਤੀ ਭਾਈਚਾਰੇ ਦੇ ਲੋਕ ਇਸ ਮੁਜਾਹਰੇ ਵਿਚ ਸ਼ਾਮਲ ਹੋਏ। ਮੁਜਾਹਰਾਕਾਰੀਆਂ ਨੇ “ਹਮਾਰੀ ਕਹਿਤੀ ਆਤਮਾ, ਯੋਗੀ ਕਾ ਕਰੋ ਖਾਤਮਾ'', “ਚੰਦਰਸ਼ੇਖਰ ਨੂੰ ਰਿਹਾਅ ਕਰੋ, ਦੋਸ਼ੀਆਂ ਨੂੰ ਫੜ੍ਹੋ'', “ਮੋਦੀ ਦਾ ਹਿੰਦੂ ਰਾਸ਼ਟਰ, ਘੱਟ ਗਿਣਤੀਆਂ ਨੂੰ ਧਮਕੀ'', “ਪਿਆਰੇ ਮੋਦੀ ਤੇਰੀ ਚੁੱਪ, ਤਾਨਾਸ਼ਾਹੀ ਨੂੰ ਦੇਵੇ ਬੜ੍ਹਾਵਾ'' ਆਦਿ ਸ਼ਬਦਾਵਲੀ ਵਾਲੇ ਬੈਨਰ ਫੜ੍ਹੇ ਹੋਏ ਸਨ। ਇਸ ਸਮੇਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਸਿਰਫ ਅਨੇਕਾਂ ਸਵਾਲਾਂ ਨੂੰ ਜਨਮ ਹੀ ਨਹੀਂ ਦੇ ਰਹੀ ਸਗੋਂ ਭਾਰਤ ਵਿਚ ਤਾਨਾਸ਼ਾਹੀ ਨੂੰ ਸ਼ਹਿ ਦੇ ਰਹੀ ਹੈ। ਭਾਰਤ ਸਿਰਫ ਇਕ ਫਿਰਕੇ ਦਾ ਹੀ ਦੇਸ਼ ਨਹੀਂ ਬਲਕਿ ਸਾਰੇ ਧਰਮਾਂ, ਜਾਤੀਆਂ, ਫਿਰਕਿਆਂ ਦੇ ਲੋਕਾਂ ਦਾ ਦੇਸ਼ ਹੈ। ਸਹਾਰਨਪੁਰ ਵਰਗੇ ਕਾਂਡ ਭਾਰਤੀ ਲੋਕਤੰਤਰ ਦੇ ਮੱਥੇ 'ਤੇ ਕਲੰਕ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਉਹ ਸਿਰਫ ਇਕ ਧਿਰ ਦੇ ਹੀ ਪ੍ਰਧਾਨ ਮੰਤਰੀ ਹੀ ਨਹੀਂ ਹਨ, ਸਗੋਂ ਉਨ੍ਹਾਂ ਦੇ ਸਿਰ ਦੇਸ਼ ਦੇ ਹਰ ਜੀਅ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬਣਦੀ ਹੈ। ਮੁਜਾਹਰਾਕਾਰੀਆਂ ਨੇ ਸਹਾਰਨਪੁਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। 


Kulvinder Mahi

News Editor

Related News