ਇੰਡੀਅਨ ਓਵਰਸੀਜ਼ ਕਾਂਗਰਸ ਨੇ ਇਟਲੀ ''ਚ ਕਮੇਟੀ ਦਾ ਗਠਨ ਕੀਤਾ

8/22/2019 7:54:15 AM

ਮਿਲਾਨ (ਸਾਬੀ ਚੀਨੀਆ)— ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ, ਇਸ ਤੋਂ ਸਾਫ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਵਿਚ ਕੁਝ ਨਵੀਆਂ ਤਬਦੀਲੀਆਂ ਕਰ ਸਕਦੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਦੀ ਸਲਾਹ ਨਾਲ ਇਟਲੀ 'ਚ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਯੂਥ ਆਗੂਆਂ ਨੂੰ ਸਰਗਰਮ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ ।

ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਠਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਜਿਸ 'ਚ ਪ੍ਰਭਜੋਤ ਸਿੰਘ ਨੂੰ ਚੇਅਰਮੈਨ, ਦਿਲਬਾਗ ਸਿੰਘ ਚਾਨਾ ਜਨਰਲ ਸੈਕੇਟਰੀ ਅਤੇ ਸੁਖਚੈਨ ਸਿੰਘ ਮਾਨ ਨੂੰ ਵਾਈਸ ਪ੍ਰਧਾਨ ਨਿਯੁਕਤ ਕਰਕੇ 30 ਸਤੰਬਰ ਤੱਕ ਇਟਲੀ ਪੱਧਰ 'ਤੇ ਰਿਪੋਰਟ ਕਰਨ ਲਈ ਆਖਿਆ ਗਿਆ ਹੈ। ਦੱਸਣਯੋਗ ਹੈ ਕਿ ਨਵੇਂ ਚੁਣੇ ਅਹੁਦੇਦਾਰਾਂ ਨੂੰ ਮਿਲਾਨ ਵਿਖੇ ਨਿਯੁਕਤੀ ਪੱਤਰ ਦੇਣ ਮੌਕੇ ਸ੍ਰੀ ਹਿਮਾਸ਼ੂ ਵਿਆਸ ਇੰਚਾਰਜ ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਇਟਲੀ 'ਚ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਧਾਉਣ ਲਈ ਆਖਿਆ ਗਿਆ ਹੈ।