ਬ੍ਰਿਟੇਨ: ਭਾਰਤੀ ਮੂਲ ਦੀ ਔਰਤ ਨੇ ਦਿੱਤੀ ਕੈਂਸਰ ਨੂੰ ਮਾਤ, ਡਾਕਟਰਾਂ ਨੇ ਦਿੱਤੀ ਸੀ ਇਹ ਚਿਤਾਵਨੀ
Tuesday, Jul 05, 2022 - 11:30 AM (IST)
ਲੰਡਨ (ਏਜੰਸੀ)- ਬ੍ਰਿਟੇਨ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਸੋਮਵਾਰ ਨੂੰ ਕਿਹਾ ਕਿ ਇਕ ਕਲੀਨਿਕਲ ਪ੍ਰੀਖਣ ਦੇ ਬਾਅਦ ਭਾਰਤੀ ਮੂਲ ਦੀ 51 ਸਾਲਾ ਔਰਤ ਵਿਚ ਛਾਤੀ ਦੇ ਕੈਂਸਰ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਖ਼ਬਰ ਸੁਣ ਕੇ ਔਰਤ ਬਹੁਤ ਖੁਸ਼ ਹੈ। ਔਰਤ ਨੂੰ ਕੁਝ ਸਾਲ ਪਹਿਲਾਂ ਦੱਸਿਆ ਗਿਆ ਸੀ ਕਿ ਉਹ ਕੁਝ ਮਹੀਨੇ ਹੀ ਜੀਅ ਸਕਦੀ ਹੈ। ਮੈਨਚੈਸਟਰ ਦੇ ਫੈਲੋਫੀਲਡ ਦੀ ਜੈਸਮੀਨ ਡੇਵਿਡ, ਨੈਸ਼ਨਲ ਹੈਲਥ ਸਰਵਿਸ ਵਿਖੇ ਇੱਕ ਸਫ਼ਲ ਪ੍ਰੀਖਣ ਤੋਂ ਬਾਅਦ ਹੁਣ ਸਤੰਬਰ ਵਿੱਚ ਆਉਣ ਵਾਲੀ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਉਤਸ਼ਾਹਿਤ ਹੈ। ਮੈਨਚੈਸਟਰ ਕਲੀਨਿਕਲ ਰਿਸਰਚ ਫੈਸੀਲਿਟੀ (CRF) ਵਿਚ 2 ਸਾਲ ਤੱਕ ਡੇਵਿਡ 'ਤੇ ਕੀਤੇ ਗਏ ਪ੍ਰੀਖਣ ਦੌਰਾਨ ਉਨ੍ਹਾਂ ਨੂੰ ਐਟਜ਼ੋਲੀਜ਼ੁਮੇਬ ਨਾਲ ਇਕ ਦਵਾਈ ਦਿੱਤੀ ਗਈ ਸੀ, ਜੋ ਇਕ ਇਮਯੂਨੋਥੈਰੇਪੀ ਡਰੱਗ ਹੈ। ਇਹ ਦਵਾਈ ਨਾੜੀ ਰਾਹੀਂ ਦਿੱਤੀ ਜਾਂਦੀ ਹੈ।
ਡੇਵਿਡ ਨੇ ਯਾਦ ਕਰਦੇ ਹੋਏ ਕਿਹਾ, 'ਮੈਨੂੰ ਕੈਂਸਰ ਦਾ ਇਲਾਜ ਕਰਵਾਏ 15 ਮਹੀਨੇ ਹੋ ਚੁੱਕੇ ਸਨ ਅਤੇ ਮੈਂ ਇਸਨੂੰ ਲਗਭਗ ਭੁੱਲ ਚੁੱਕੀ ਸੀ, ਪਰ ਇਹ ਵਾਪਸ ਆ ਗਿਆ।' ਉਨ੍ਹਾਂ ਕਿਹਾ, 'ਜਦੋਂ ਮੈਨੂੰ ਪ੍ਰੀਖਣ ਦੀ ਪੇਸ਼ਕਸ਼ ਕੀਤੀ ਗਈ, ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਕੰਮ ਆਏਗਾ, ਪਰ ਮੈਂ ਸੋਚਿਆ ਕਿ ਮੈਂ ਘੱਟੋ-ਘੱਟ ਆਪਣੇ ਸਰੀਰ ਦੀ ਵਰਤੋਂ ਦੂਜਿਆਂ ਦੀ ਮਦਦ ਅਤੇ ਅਗਲੀ ਪੀੜ੍ਹੀ ਲਈ ਕੁਝ ਕਰਨ ਲਈ ਕਰ ਸਕਦੀ ਹਾਂ। ਸ਼ੁਰੂ ਵਿੱਚ, ਮੈਨੂੰ ਸਿਰ ਦਰਦ ਅਤੇ ਤੇਜ਼ ਬੁਖਾਰ ਸਮੇਤ ਕਈ ਭਿਆਨਕ ਮਾੜੇ ਪ੍ਰਭਾਵ ਦੇਖਣੇ ਪਏ। ਫਿਰ ਸ਼ੁਕਰ ਹੈ ਕਿ ਮੈਨੂੰ ਇਲਾਜ ਦਾ ਫ਼ਾਇਦਾ ਹੁੰਦਾ ਦਿਸਿਆ।'
ਇਹ ਵੀ ਪੜ੍ਹੋ: ਪਾਕਿ ’ਚ ਹੁਣ ਬੱਸ ’ਚ ਜਬਰ-ਜ਼ਿਨਾਹ, ਇੰਝ ਮੌਕਾ ਵੇਖ ਕੰਡਕਟਰ ਨੇ ਦਿੱਤਾ ਘਟਨਾ ਨੂੰ ਅੰਜਾਮ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਵੰਬਰ 2017 ਵਿੱਚ ਛਾਤੀ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਸੀ। 6 ਮਹੀਨਿਆਂ ਲਈ ਕੀਮੋਥੈਰੇਪੀ ਕਰਵਾਈ ਅਤੇ ਅਪ੍ਰੈਲ 2018 ਵਿੱਚ ਮਾਸਟੈਕਟੋਮੀ ਕਰਵਾਈ। ਇਸ ਤੋਂ ਬਾਅਦ 15 ਰੇਡੀਓਥੈਰੇਪੀ ਕੀਤੀਆਂ ਗਈਆਂ, ਜਿਸ ਤੋਂ ਬਾਅਦ ਕੈਂਸਰ ਖ਼ਤਮ ਹੋ ਗਿਆ। ਪਰ ਅਕਤੂਬਰ 2019 ਵਿੱਚ, ਕੈਂਸਰ ਵਾਪਸ ਆ ਗਿਆ ਅਤੇ ਉਹ ਇਸ ਤੋਂ ਬੁਰੀ ਤਰ੍ਹਾਂ ਪੀੜਤ ਹੋ ਗਈ। ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਇਕ ਸਾਲ ਤੋਂ ਵੀ ਘੱਟ ਜ਼ਿੰਦਗੀ ਬਚੀ ਹੈ। ਦੋ ਮਹੀਨਿਆਂ ਬਾਅਦ, ਜਦੋਂ ਕੋਈ ਵਿਕਲਪ ਨਹੀਂ ਬਚਿਆ ਤਾਂ ਉਨ੍ਹਾਂ ਨੂੰ ਕਲੀਨਿਕਲ ਪ੍ਰੀਖਣ ਵਿੱਚ ਸ਼ਾਮਲ ਹੋ ਕੇ ਖੋਜ ਦਾ ਹਿੱਸਾ ਬਣਨ ਦੀ ਪੇਸ਼ਕਸ਼ ਕੀਤੀ ਗਈ।
ਇਹ ਵੀ ਪੜ੍ਹੋ: ਅਜਬ-ਗਜ਼ਬ: ਮਰਦਾਨਗੀ ਸਾਬਤ ਕਰਨ ਲਈ ਕੀੜੀਆਂ ਤੋਂ ਖੁਦ ਨੂੰ ਕਟਵਾਉਂਦੇ ਹਨ ਲੋਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।