ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ''ਚ ਹੋਈ ਜੇਲ੍ਹ ਦੀ ਸਜ਼ਾ
Saturday, Aug 14, 2021 - 04:47 PM (IST)
ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ 53 ਸਾਲਾ ਸਿੰਗਾਪੁਰ ਵਾਸੀ ਨੂੰ ਸ਼ੁੱਕਰਵਾਰ ਨੂੰ ਇਥੇ ਇਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਜਨਤਕ ਤੌਰ 'ਤੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਪਾਏ ਜਾਣ ਦੇ ਦੋਸ਼ ਵਿਚ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਹ ਜਾਣਕਾਰੀ ਇਕ ਮੀਡੀਆ ਨਿਊਜ਼ ਵਿਚ ਦਿੱਤੀ ਗਈ ਹੈ। ਦਿ ਸਟ੍ਰੇਟ ਟਾਈਮਜ਼ ਨੇ ਖ਼ਬਰ ਦਿੱਤੀ ਕਿ ਜਸਵਿੰਦਰ ਸਿੰਘ ਨੂੰ 13 ਹਫ਼ਤੇ ਅਤੇ 13 ਦਿਨ ਦੀ ਸਜ਼ਾ ਸੁਣਾਈ ਗਈ, ਜਦੋਂ ਉਸ ਨੇ ਕਿਸੇ ਵਿਅਕਤੀ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਬੋਲਣ ਅਤੇ ਜਨਤਕ ਤੌਰ 'ਤੇ ਨਸ਼ੇ ਦੀ ਹਾਲਤ ਵਿਚ ਮਿਲਣ ਦਾ ਆਪਣਾ ਦੋਸ਼ ਸਵੀਕਾਰ ਕੀਤਾ। ਸਜ਼ਾ ਦੇਣ ਲਈ ਕੋਵਿਡ -19 ਨਿਯਮਾਂ ਦੀ ਉਲੰਘਣਾ ਦੇ ਦੋ ਹੋਰ ਦੋਸ਼ਾਂ 'ਤੇ ਵੀ ਵਿਚਾਰ ਕੀਤਾ ਗਿਆ।
ਖ਼ਬਰ ਵਿਚ ਦੱਸਿਆ ਗਿਆ ਕਿ ਸਿੰਘ ਨੂੰ 29 ਜੂਨ ਤੋਂ 7 ਅਗਸਤ ਤੱਕ ਮੁਆਫੀ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਜਦੋਂ ਇਹ ਘਟਨਾ ਵਾਪਰੀ ਸੀ। 30 ਜੂਨ ਨੂੰ ਉਹ ਸ਼ਰਾਬ ਦੇ ਨਸ਼ੇ ਵਿਚ ਇਕ ਜਨਤਕ ਬੱਸ ਵਿਚ ਸਵਾਰ ਹੋਇਆ ਸੀ ਅਤੇ ਉਸ ਦੌਰਾਨ ਉਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਜਦੋਂ ਬੱਸ ਇਕ ਜਗ੍ਹਾ 'ਤੇ ਰੁਕੀ ਤਾਂ ਜਸਵਿੰਦਰ ਬੱਸ ਡਰਾਈਵਰ ਕੋਲ ਗਿਆ ਅਤੇ ਉਸ ਦੇ ਕੰਨ ਵਿਚ ਉਸਦੀ ਨਸਲ ਬਾਰੇ ਪੁੱਛਿਆ। ਜਦੋਂ ਬੱਸ ਡਰਾਈਵਰ ਨੇ ਉਸ ਨੂੰ ਦੱਸਿਆ ਤਾਂ ਜਸਵਿੰਦਰ ਡਰਾਈਵਰ 'ਤੇ ਭੜਕ ਗਿਆ ਅਤੇ ਉਸ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਡਰਾਈਵਰ ਦੇ ਧਰਮ ਅਤੇ ਉਸ ਦੀ ਮਾਂ ਨੂੰ ਲੈ ਕੇ ਵੀ ਗਲਤ ਭਾਸ਼ਾ ਵਰਤੀ। ਕਰੀਬ 10 ਮਿੰਟਾਂ ਬਾਅਦ ਜਦੋਂ ਬੱਸ ਇੰਟਰਚੇਂਜ 'ਤੇ ਪਹੁੰਚੀ ਤਾਂ ਜਸਵਿੰਦਰ ਉਦੋਂ ਵੀ ਡਰਾਈਵਰ ਨੂੰ ਛੇੜਦਾ ਰਿਹਾ ਅਤੇ ਹੇਠਾਂ ਉਤਰਨ ਤੋਂ ਬਾਅਦ ਉਸ ਨੂੰ ਕੁੱਟਣ ਦੀ ਚੁਣੌਤੀ ਦਿੰਦਾ ਰਿਹਾ। ਦੱਸਿਆ ਗਿਆ ਕਿ ਉਸ ਨੇ ਬੱਸ ਡਰਾਈਵਰ ਨੂੰ ਅੱਤਵਾਦੀ ਕਿਹਾ ਅਤੇ ਉਸ ਦੇ ਧਰਮ ਦਾ ਅਪਮਾਨ ਕੀਤਾ। ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਗਿਆ ਕਿ ਸਿੰਘ 2014 ਤੋਂ ਵਾਰ-ਵਾਰ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ।