ਲੰਡਨ ''ਚ ਭਾਰਤੀ ਮੂਲ ਦੇ ਲੋਕ ਕੇਰਲ ਹੜ੍ਹ ਪੀੜਤਾਂ ਲਈ ਇਕੱਠਾ ਕਰਨਗੇ ਫੰਡ

Sunday, Sep 09, 2018 - 05:24 PM (IST)

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਭਾਰਤੀ ਮੂਲ ਦੇ ਲੇਖਕ ਅਤੇ ਪੇਸ਼ੇਵਰਾਂ ਦਾ ਇਕ ਸਮੂਹ ਕੇਰਲ ਵਿਚ ਆਏ ਵਿਨਾਸ਼ਕਾਰੀ ਹੜ੍ਹ ਦੇ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਇਕ ਪ੍ਰੋਗਰਾਮ ਆਯੋਜਿਤ ਕਰਨ ਲਈ ਅੱਗੇ ਆਇਆ ਹੈ। ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਬੁੱਧਵਾਰ ਨੂੰ ਮੱਧ ਲੰਡਨ 'ਚ ਮਸ਼ਹੂਰ ਰੈਸਟੋਰੈਂਟ 'ਰਾਸ' ਵਿਚ ਆਯੋਜਿਤ ਪ੍ਰੋਗਰਾਮ ਵਿਚ ਸੰਬੋਧਨ ਕਰਨਗੇ। ਲੰਡਨ ਵਿਚ ਟ੍ਰੇਨਿੰਗ ਕੰਸਲਟੇਂਟ ਅਤੇ ਆਪਣੇ ਬੇਟੇ ਅਵਿਨਾਸ਼ ਨਾਲ ਆਯੋਜਕਾਂ 'ਚੋਂ ਇਕ ਸਿਮਤਾ ਥਰੂਰ ਨੇ ਕਿਹਾ, ''ਮੈਂ ਬਹੁਤ, ਬਹੁਤ ਖੁਸ਼ਕਿਸਮਤ ਹਾਂ ਕਿ ਪਲਕੱਕੜ 'ਚ ਮੇਰਾ 200 ਸਾਲ ਪੁਰਾਣਾ ਘਰ ਅਤੇ ਮੇਰੇ ਪਰਿਵਾਰ 'ਚੋਂ ਕੋਈ ਵੀ ਪ੍ਰਭਾਵਿਤ ਨਹੀਂ ਹੋਇਆ। ਮੈਂ ਜਾਣਦੀ ਹਾਂ ਕਿ ਸਾਡੀ ਤਰ੍ਹਾਂ ਹੋਰ ਕਈ ਲੋਕ ਇੰਨੇ ਖੁਸ਼ਕਿਸਮਤ ਨਹੀਂ ਹਨ।''

ਉਨ੍ਹਾਂ ਨੇ ਕਿਹਾ ਕਿ ਸੰਜੋਗ ਨਾਲ ਜਦੋਂ ਅਸੀਂ ਇਸ ਗੱਲ 'ਤੇ ਰਾਜ਼ੀ ਹੋਏ ਕਿ ਫੰਡ ਇਕੱਠਾ ਕਰਨ ਦਾ ਪ੍ਰੋਗਰਾਮ ਕਰਾਂਗੇ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਭਰਾ ਸ਼ਸ਼ੀ ਦੋ ਦਿਨ ਲਈ ਸ਼ਹਿਰ ਵਿਚ ਹੈ ਤਾਂ ਅਸੀਂ ਉਨ੍ਹਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ। ਉਹ ਸਾਡੇ ਪ੍ਰੋਗਰਾਮ ਵਿਚ ਸਹਿਯੋਗ ਕਰ ਕੇ ਬਹੁਤ ਖੁਸ਼ ਹਨ। 

ਪੁਰਸਕਾਰ ਜੇਤੂ ਭਾਰਤੀ ਸ਼ੈਫ ਅਤੇ ਬ੍ਰਿਟੇਨ ਵਿਚ ਰੈਸਟੋਰੈਂਟ ਰਾਸ ਲੜੀ ਦੇ ਸੰਸਥਾਪਕ ਦਾਸ ਸ਼੍ਰੀਧਰਨ ਨੂੰ ਖਬਰ ਮਿਲੀ ਕਿ ਕੋਚੀਨ ਦੇ ਨੇੜੇ ਸਥਿਤ ਰਾਸ ਗੁਰੂਕੁਲ ਵੀ ਹੜ੍ਹ ਕਾਰਨ ਪ੍ਰਭਾਵਿਤ ਹੋਇਆ। ਅਗਲੇ ਹਫਤੇ ਆਯੋਜਿਤ ਹੋਣ ਵਾਲੇ ਰਾਤ ਦੇ ਭੋਜਨ ਤੋਂ ਇਕੱਠੇ ਕੀਤੇ ਫੰਡ ਨੂੰ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਅਤੇ ਐੱਨ. ਜੀ. ਓ. 'ਗੂੰਜ' ਦਰਮਿਆਨ ਸਾਂਝਾ ਕੀਤਾ ਜਾਵੇਗਾ ਅਤੇ ਰਾਸ ਗੁਰੂਕੁਲ ਦੇ ਆਲੇ-ਦੁਆਲੇ ਭਾਈਚਾਰੇ ਦੀ ਮਦਦ ਕਰਨ ਵਿਚ ਇਸਤੇਮਾਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੇਰਲ ਵਿਚ ਆਏ ਵਿਨਾਸ਼ਕਾਰੀ ਹੜ੍ਹ ਵਿਚ 400 ਤੋਂ ਵਧੇਰੇ ਲੋਕ ਮਾਰੇ ਗਏ ਸਨ।


Related News