ਜਿੱਤ ''ਤੇ ਭਾਰਤੀ ਮੂਲ ਦੇ MP ਨੇ ਕੀਤਾ ਟਵੀਟ, ਸੰਸਦ ''ਚ ਲੋਕਾਂ ਦੀ ਚੁੱਕਾਂਗਾ ਆਵਾਜ਼

05/21/2019 7:45:23 PM

ਮੈਲਬੋਰਨ (ਭਾਸ਼ਾ)- ਲਿਬਰਲ ਉਮੀਦਵਾਰ ਅਤੇ ਇਜ਼ਰਾਇਲ ਵਿਚ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਡੇਵ ਸ਼ਰਮਾ ਫੈਡਰਲ ਚੋਣਾਂ ਵਿਚ ਸਿਡਨੀ ਉਪਨਗਰ ਵਿਚ ਇਕ ਸੀਟ ਜਿੱਤ ਕੇ ਦੇਸ਼ ਦੀ ਸੰਸਦ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਚੋਣਾਂ ਦੇ ਆਖਰੀ ਪੜਾਅ ਦੀ ਗਿਣਤੀ ਦੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਬਹੁਮਤ ਹਾਸਲ ਕਰਨ ਦੇ ਨੇੜੇ ਪਹੁੰਚ ਚੁੱਕੇ ਹਨ। ਆਸਟ੍ਰੇਲੀਆਈ ਚੋਣ ਕਮਿਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕੰਜ਼ਰਵੇਟਿਵ ਗਠਜੋੜ 77 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਬਹੁਮਤ ਲਈ ਸਿਰਫ 76 ਸੀਟਾਂ ਚਾਹੀਦੀਆਂ ਹਨ। ਸ਼ਰਮਾ (43) ਨੇ ਵੈਂਟਵਰਦਿਨ ਜ਼ਿਲੇ ਦੀ ਪੂਰਬੀ ਉਪਨਗਰ ਸੀਟ ਲਈ ਆਜ਼ਾਦ ਉਮੀਦਵਾਰ ਕੇਰੇਨ ਫੇਲਪਸ ਨੂੰ ਹਰਾਇਆ।

6 ਮਹੀਨੇ ਪਹਿਲਾਂ ਉਪ ਚੋਣਾਂ ਵਿਚ ਫੇਲਪਸ ਤੋਂ ਹਾਰਣ ਵਾਲੇ ਸ਼ਰਮਾ ਨੂੰ 51.16 ਫੀਸਦੀ ਵੋਟਾਂ ਮਿਲੀਆਂ। ਸ਼ਰਮਾ ਨੇ ਇਕ ਟਵੀਟ ਵਿਚ ਕਿਹਾ ਕਿ ਵੇਂਟਵਰਥ ਦੇ ਲੋਕਾਂ ਨੇ ਜੋ ਭਰੋਸਾ ਜਤਾਇਆ ਹੈ ਉਸ ਦੇ ਲਈ ਸ਼ੁਕਰਗੁਜ਼ਾਰ ਹਾਂ। ਸੰਸਦ ਵਿਚ ਜ਼ੋਰ-ਸ਼ੋਰ ਨਾਲ ਉਨ੍ਹਾਂ ਦੀ ਆਵਾਜ਼ ਚੁੱਕਾਂਗਾ। ਸ਼ਰਮਾ 2013 ਤੋਂ 2017 ਦੌਰਾਨ ਇਜ਼ਰਾਇਲ ਵਿਚ ਆਸਟ੍ਰੇਲੀਆ ਦੇ ਰਾਜਦੂਤ ਸਨ। ਉਨ੍ਹਾਂ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਕਿ ਕੀ ਪ੍ਰਧਾਨ ਮੰਤਰੀ ਮਾਰੀਸਨ ਦੀ ਨਵੀਂ ਕੈਬਨਿਟ ਵਿਚ ਉਨ੍ਹਾਂ ਨੂੰ ਥਾਂ ਮਿਲੇਗੀ। ਉਨ੍ਹਾਂ ਦੇ ਪਿਤਾ ਭਾਰਤੀ ਅਤੇ ਮਾਂ ਆਸਟ੍ਰੇਲੀਅਨ ਹਨ। ਦੇਵ ਦਾ ਪਰਿਵਾਰ 1970 ਦੇ ਦਹਾਕੇ ਵਿਚ ਸਿਡਨੀ ਵਿਚ ਵੱਸ ਗਿਆ ਸੀ। ਇਸ ਵਾਰ 10 ਤੋਂ ਜ਼ਿਆਦਾ ਭਾਰਤੀ ਉਮੀਦਵਾਰਾਂ ਨੇ ਫੈਡਰਲ ਚੋਣਾਂ ਲੜੀਆਂ। ਦੇਸ਼ ਵਿਚ ਭਾਰਤੀਆਂ ਦੀ ਆਬਾਦੀ ਵੱਧ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਗਿਣਤੀ 7 ਲੱਖ ਹੋ ਗਈ ਹੈ।


Sunny Mehra

Content Editor

Related News