ਬ੍ਰਿਟੇਨ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ
Wednesday, Jul 05, 2023 - 09:30 AM (IST)
ਲੰਡਨ (ਭਾਸ਼ਾ)- ਪੂਰਬੀ ਇੰਗਲੈਂਡ ਦੇ ਇੱਕ ਪਾਰਕ ਵਿੱਚ ਪਿਛਲੇ ਹਫਤੇ ਇੱਕ ਭਾਰਤੀ ਮੂਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਇੱਕ 16 ਸਾਲਾ ਮੁੰਡੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਬ੍ਰਿਟਿਸ਼ ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਬਾਲਗ ਹੋਣ ਕਰਕੇ ਕਾਨੂੰਨੀ ਕਾਰਨਾਂ ਕਰਕੇ ਮੁੰਡੇ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ। ਆਸ਼ੀਸ਼ ਸਚਦੇਵ ਨਾਹਰ ਨਾਮ ਦੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਬਣਾਏ ਜਾਣ ਦੇ ਬਾਅਦ ਉਸ ਨੂੰ ਲਿਊਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਅਮਰੀਕੀ ਯੂਨੀਵਰਸਿਟੀਆਂ 'ਚ ਦਾਖ਼ਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ
ਬੈੱਡਫੋਰਡਸ਼ਾਇਰ ਪੁਲਸ ਦੇ ਅਧਿਕਾਰੀਆਂ ਨੂੰ ਬੇਡਫੋਰਡ ਦੇ ਜੁਬਲੀ ਪਾਰਕ ਵਿੱਚ ਵੀਰਵਾਰ ਸ਼ਾਮ ਨੂੰ 25 ਸਾਲਾ ਨਾਹਰ ਪਿਆ ਹੋਇਆ ਮਿਲਿਆ ਸੀ, ਜਿਸ ਦੇ ਸਰੀਰ 'ਤੇ ਚਾਕੂ ਨਾਲ ਹੋਏ ਜ਼ਖ਼ਮਾਂ ਦੇ ਨਿਸ਼ਾਨ ਸਨ। ਨਾਹਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੋਮਵਾਰ ਨੂੰ ਹੋਈ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਨਾਹਰ ਦੀ ਮੌਤ ਦਿਲ 'ਤੇ ਚਾਕੂ ਨਾਲ ਵਾਰ ਕਾਰਨ ਹੋਈ ਹੈ। ਪੁਲਸ ਨੇ ਮੁਲਜ਼ਮ ਬਾਰੇ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ਉਸ ’ਤੇ ਕਤਲ ਦਾ ਦੋਸ਼ ਲੱਗਾ ਹੈ। ਉਸ ਬਾਰੇ ਅਜੇ ਤੱਕ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਾਹਰ ਦੀ ਮਾਂ ਅਨੀਤਾ ਨਾਹਰ ਨੇ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, “ਦੁੱਖ ਦੀ ਗੱਲ ਹੈ ਕਿ ਮੇਰੇ ਵੱਡੇ ਬੇਟੇ ਨੂੰ 25 ਸਾਲ ਦੀ ਉਮਰ ਵਿੱਚ ਉਸਦੇ ਪਿਆਰੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਕਰ ਦਿੱਤਾ। ਆਸ਼ੀਸ਼ ਇੱਕ ਹੱਸਮੁੱਖ ਅਤੇ ਖੁਸ਼ਕਿਸਮਤ ਨੌਜਵਾਨ ਸੀ, ਜਿਸਦੇ ਅੱਗੇ ਪੂਰੀ ਜ਼ਿੰਦਗੀ ਪਈ ਸੀ। ਉਹ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਸੀ ਅਤੇ ਕਦੇ ਸ਼ਿਕਾਇਤ ਨਹੀਂ ਕਰਦਾ ਸੀ। ਉਹ ਹਰ ਉਸ ਵਿਅਕਤੀ ਲਈ ਪਿਆਰੀਆਂ ਯਾਦਾਂ ਛੱਡ ਗਿਆ ਹੈ ਜਿਨ੍ਹਾਂ ਉਹ ਮਿਲਿਆ ਸੀ।"