ਭਾਰਤੀ ਮੂਲ ਦੇ ਮਲੇਸ਼ੀਆਈ ਨਾਗਰਿਕ ਨੂੰ ਲੁੱਟ ਦੇ ਦੋਸ਼ 'ਚ ਸੁਣਾਈ ਗਈ ਜੇਲ੍ਹ ਅਤੇ 12 ਕੋੜੇ ਮਾਰਨ ਦੀ ਸਜ਼ਾ

Wednesday, Jan 04, 2023 - 03:01 PM (IST)

ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਇਕ ਮਲੇਸ਼ੀਆਈ ਵਿਅਕਤੀ ਨੂੰ ਸਾਲ 2014 ਵਿਚ ਇਕ ਵਿਅਕਤੀ ਤੋਂ 6,24,000 ਤੋਂ ਜ਼ਿਆਦਾ ਸਿੰਗਾਪੁਰ ਡਾਲਰ ਲੁੱਟਣ ਅਤੇ ਫਿਰ ਮਲੇਸ਼ੀਆ ਭੱਜਣ ਦੇ ਦੋਸ਼ ਵਿਚ 7 ਸਾਲ ਦੀ ਜੇਲ੍ਹ ਅਤੇ 12 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਇਹ ਵਿਅਕਤੀ ਅਪਰਾਧ ਕਰਨ ਤੋਂ ਬਾਅਦ ਮਲੇਸ਼ੀਆ ਵਿੱਚ ਲੁਕ ਕੇ ਰਹਿਣ ਲੱਗਾ ਸੀ ਅਤੇ 8 ਸਾਲ ਬਾਅਦ ਉਸ ਨੂੰ ਫੜਿਆ ਗਿਆ। ਅਖ਼ਬਾਰ ਟੂਡੇ ਦੇ ਮੁਤਾਬਕ ਮਲੇਸ਼ੀਆ ਨਿਵਾਸੀ ਸ਼ਿਵਰਾਮ ਮੋਨਿਅਨ ਨੂੰ ਮੰਗਲਵਾਰ ਨੂੰ ਸਮੂਹਕ ਡਕੈਤੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ। ਇਹ ਲੁੱਟ 9 ਵਿਅਕਤੀਆਂ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਸਿਰਫ਼ ਸ਼ਿਵਰਾਮ ਮੋਨੀਅਨ ਨੂੰ ਸਜ਼ਾ ਨਹੀਂ ਮਿਲ ਸਕੀ ਸੀ, ਕਿਉਂਕਿ ਉਹ 8 ਸਾਲ ਤੱਕ ਲੁਕਿਆ ਹੋਇਆ ਸੀ।

ਅਖ਼ਬਾਰ ਮੁਤਾਬਕ ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤ (35) ਉਸ ਸਮੇਂ ਗੋਲਡਨ ਵੀ2 ਨਾਂ ਦੀ ਕੰਪਨੀ 'ਚ ਮੈਨੇਜਰ ਸੀ। ਉਸ ਦਾ ਸਹੁਰਾ ਕੰਪਨੀ ਦਾ ਡਾਇਰੈਕਟਰ ਸੀ। ਮੋਨੀਅਨ ਨੇ ਟਚਨਾ ਮੂਰਤੀ ਪੇਰੋਮਲ ਨਾਮਕ ਵਿਅਕਤੀ ਤੋਂ ਸਾਲ 2013 ਵਿੱਚ 10,000 ਰਿੰਗਿਟ (3,019 ਸਿੰਗਾਪੁਰੀ ਡਾਲਰ) ਦਾ ਕਰਜ਼ਾ ਲਿਆ ਸੀ। ਹਾਲਾਂਕਿ ਪਹਿਲਾਂ ਤਾਂ ਉਹ ਕਰਜ਼ੇ ਦੀਆਂ ਕਿਸ਼ਤਾਂ ਮੋੜਦਾ ਰਿਹਾ ਪਰ ਬਾਅਦ ਵਿੱਚ ਉਹ ਅਜਿਹਾ ਨਹੀਂ ਕਰ ਸਕਿਆ। ਅਪ੍ਰੈਲ 2014 ਵਿੱਚ, ਪੇਰੋਮਲ ਅਤੇ ਸਿਵਾਰੁਗੂ ਅਰਮੁਗਮ ਨਾਮ ਦੇ ਇੱਕ ਵਿਅਕਤੀ ਨੇ ਗੋਲਡਨ V2 ਦੇ ਕੋਰੀਅਰ ਤੋਂ ਭੇਜੀ ਜਾ ਰਹੀ ਨਕਦੀ ਨੂੰ ਲੁੱਟਣ ਦੀ ਯੋਜਨਾ ਬਣਾਈ। ਪੇਰੋਮਲ ਨੇ ਮੋਨੀਅਨ ਨਾਲ ਸੰਪਰਕ ਕਰਕੇ ਉਸਨੂੰ ਲੁੱਟ ਵਿੱਚ ਸ਼ਾਮਲ ਹੋਣ ਲਈ ਕਿਹਾ। ਉਸਨੇ ਵਾਅਦਾ ਕੀਤਾ ਕਿ ਅਜਿਹਾ ਕਰਨ 'ਤੇ ਉਹ ਉਸਦਾ ਸਾਰਾ ਕਰਜ਼ਾ ਮਾਫ਼ ਕਰ ਦੇਵੇਗਾ। ਜਿਵੇਂ ਹੀ ਉਹ ਸਹਿਮਤ ਹੋ ਗਿਆ, ਪੇਰੋਮਲ ਅਤੇ ਬੀ ਬਾਲਾਕ੍ਰਿਸ਼ਨਨ ਨਾਮਕ ਉਸਦੇ ਹੋਰ ਸਾਥੀਆਂ ਨੇ ਲੁੱਟ ਲਈ ਹੋਰ ਲੋਕਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਲ ਕੀਤਾ। ਸਤੰਬਰ 2014 ਵਿੱਚ ਲਗਭਗ ਦੋ ਹਫ਼ਤਿਆਂ ਦੇ ਅੰਦਰ, ਬਾਲਾਕ੍ਰਿਸ਼ਨਨ, ਸੇਕਰਨ, ਪੇਰੋਮਲ ਅਤੇ ਮਾਰੀ ਸਿੰਗਾਪੁਰ ਜਾ ਕੇ ਰਮਨ ਨੂੰ ਮਿਲੇ ਅਤੇ ਡਕੈਤੀ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ।

ਯੋਜਨਾ ਦੇ ਅਨੁਸਾਰ, ਰਮਨ ਯੂਨਸ ਲਿੰਕ ਨੇੜੇ ਬੈਡਡੌਕ ਰਿਜ਼ਰਵਾਇਰ ਰੋਡ 'ਤੇ ਪੀੜਤ ਦੀ ਕਾਰ 'ਤੇ ਨਜ਼ਰ ਰੱਖੇਗਾ, ਜਦੋਂਕਿ ਮੋਨੀਅਨ ਸਮੇਤ 5 ਵਿਅਕਤੀ ਡਕੈਤੀ ਨੂੰ ਅੰਜਾਮ ਦੇਣਗੇ। ਦੋ ਹੋਰ ਸਾਥੀ ਉਹਨਾਂ ਦੀ ਉਡੀਕ ਵਿੱਚ ਇੱਕ ਹੋਰ ਗੱਡੀ ਵਿੱਚ ਨੇੜੇ ਹੀ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰਨਗੇ ਅਤੇ ਉਹਨਾਂ ਨੂੰ ਹਦਾਇਤਾਂ ਦੇਣਗੇ ਅਤੇ ਦੂਜੇ ਸਾਥੀਆਂ ਨਾਲ ਗੱਲਬਾਤ ਕਰਦੇ ਰਹਿਣਗੇ। 5 ਨਵੰਬਰ 2014 ਨੂੰ ਪੀੜਤ ਆਪਣੇ ਦੋ ਸਾਲ ਦੇ ਬੇਟੇ ਨਾਲ ਘਰੋਂ ਨਿਕਲਿਆ। ਉਹ ਕੰਪਨੀ ਦੇ ਕੋਰੀਅਰ ਤੋਂ ਨਕਦੀ ਲੈਣ ਲਈ ਚਾਂਗੀ ਹਵਾਈ ਅੱਡੇ ਦੇ ਟਰਮੀਨਲ 2 ਵੱਲ ਗਿਆ। ਖ਼ਬਰ ਮੁਤਾਬਕ ਲਗੇਜ ਬੈਗ 'ਚ 6,24,036 ਸਿੰਗਾਪੁਰੀ ਡਾਲਰ ਅਤੇ ਹੋਰ ਵਿਦੇਸ਼ੀ ਕਰੰਸੀ ਦੇ ਨਾਲ-ਨਾਲ ਨੋਕੀਆ ਦੇ 2 ਫੋਨ ਸਨ। ਇਹ ਸਾਮਾਨ ਲੈ ਕੇ ਪੀੜਤ ਘਰ ਲਈ ਰਵਾਨਾ ਹੋ ਗਿਆ, ਜਿੱਥੇ ਰਸਤੇ ਵਿੱਚ ਉਹ ਲੁੱਟ ਦਾ ਸ਼ਿਕਾਰ ਹੋ ਗਿਆ। ਜ਼ਿਲ੍ਹਾ ਜੱਜ ਲੂਕ ਟੈਨ ਨੇ ਪਾਇਆ ਕਿ ਅਪਰਾਧ 2014 ਵਿੱਚ ਹੋਇਆ ਸੀ ਪਰ ਮੋਨੀਅਨ ਨੂੰ ਮਲੇਸ਼ੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਪਿਛਲੇ ਸਾਲ ਜੁਲਾਈ ਵਿੱਚ ਹਵਾਲਗੀ ਕੀਤੀ ਗਈ। ਉਨ੍ਹਾਂ ਕਿਹਾ, ''ਇਸ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਦੋਸ਼ ਦੀ ਭਾਵਨਾ ਨਹੀਂ ਸੀ।'' ਇਨ੍ਹਾਂ ਸਾਰੇ ਤੱਥਾਂ 'ਤੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਮੋਨੀਅਨ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ 7 ਸਾਲ ਦੀ ਜੇਲ੍ਹ ਅਤੇ 12 ਕੋੜੇ ਮਾਰਨ ਦੀ ਸਜ਼ਾ ਸੁਣਾਈ। ਸਮੂਹਕ ਡਕੈਤੀ ਦੇ ਦੋਸ਼ੀ ਕਿਸੇ ਵੀ ਵਿਅਕਤੀ ਨੂੰ 20 ਸਾਲ ਤੱਕ ਦੀ ਕੈਦ ਅਤੇ 12 ਕੋੜੇ ਮਾਰਨ ਦੀ ਸਜ਼ਾ ਹੋ ਸਕਦੀ ਹੈ। ਗੈਂਗ ਦੇ ਹੋਰ ਮੈਂਬਰਾਂ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ।


cherry

Content Editor

Related News