ਸਿੰਗਾਪੁਰ ਵਿਚ ਦਿਲ ਦਾ ਦੌਰਾ ਪੈਣ ਨਾਲ ਭਾਰਤੀ ਵਿਅਕਤੀ ਦੀ ਮੌਤ
Tuesday, May 12, 2020 - 02:07 PM (IST)

ਸਿੰਗਾਪੁਰ- ਸਿੰਗਾਪੁਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ 53 ਸਾਲਾ ਇਕ ਭਾਰਤੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਵਿਅਕਤੀ ਦੀ ਮੌਤ 9 ਮਈ ਨੂੰ ਹੋਈ ਸੀ ਅਤੇ ਬਾਅਦ ਵਿਚ 10 ਮਈ ਨੂੰ ਉਨ੍ਹਾਂ ਦੇ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ।
ਮੌਤ ਦਾ ਕਾਰਨ ਦਿਲ ਨਾਲ ਜੁੜੀ ਬੀਮਾਰੀ ਨੂੰ ਦੱਸਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਿੰਗਾਪੁਰ ਵਿਚ ਕੋਵਿਡ-19 ਨਾਲ ਮੌਤ ਦੇ ਅੰਕੜਿਆਂ ਵਿਚ ਸਿਰਫ ਉਨ੍ਹਾਂ ਮਾਮਲਿਆਂ ਨੂੰ ਗਿਣਿਆ ਜਾਂਦਾ ਹੈ, ਜਿਨ੍ਹਾਂ ਵਿਚ ਡਾਕਟਰ ਜਾਂ ਸਿਹਤ ਕਰਮਚਾਰੀ ਪਹਿਲਾਂ ਵਾਇਰਸ ਨਾਲ ਹੋਈ ਮੌਤ ਦੀ ਪੁਸ਼ਟੀ ਕਰਦੇ ਹਨ।
ਮੌਤਾਂ ਦਾ ਇਹ ਵਰਗੀਕਰਣ ਕੌਮਾਂਤਰੀ ਵਿਵਸਥਾ 'ਤੇ ਆਧਾਰਿਤ ਹੈ। ਇਸ ਵਿਚਕਾਰ ਸਿੰਗਾਪੁਰ ਦੇ 68 ਸਾਲਾ ਇਕ ਵਿਅਕਤੀ ਦੀ ਮੌਤ ਕੋਵਿਡ-19 ਤੋਂ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਹੋ ਗਈ। ਦੇਸ਼ ਵਿਚ ਹੁਣ ਤੱਕ 21 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਹੋ ਚੁੱਕੀ ਹੈ ਅਤੇ ਪੀੜਤ ਲੋਕਾਂ ਦੀ ਗਿਣਤੀ 23,787 ਤੱਕ ਪੁੱਜ ਚੁੱਕੀ ਹੈ।