ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਤਿੰਨ ਦਿਨਾ ਯਾਤਰਾ ’ਤੇ ਪਹੁੰਚੇ ਕੀਨੀਆ

06/12/2021 5:06:57 PM

ਇੰਟਰਨੈਸ਼ਨਲ ਡੈਸਕ : ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ਨੀਵਾਰ ਨੂੰ ਤਿੰਨ ਦਿਨਾ ਯਾਤਰਾ ’ਤੇ ਕੀਨੀਆ ਪਹੁੰਚੇ। ਇਸ ਦੌਰਾਨ ਉਹ ਪ੍ਰਮੁੱਖ ਪੂਰਬੀ ਅਫਰੀਕੀ ਦੇਸ਼ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂੁਤ ਕਰਨ ਲਈ ਕਈ ਬੈਠਕਾਂ ਕਰਨਗੇ। ਕੀਨੀਆ ਗਣਰਾਜ ਦੇ ਵਿਦੇਸ਼ ਮਾਮਲਿਆਂ ਦੇ ਮੁੱਖ ਪ੍ਰਸ਼ਾਸਨਿਕ ਸਕੱਤਰ (ਸੀ. ਏ. ਐੱਸ.) ਅਬਾਬੂ-ਨਾਮਬਾਂਬਾ ਨੇ ਇਥੇ ਪਹੁੰਚਣ ’ਤੇ ਜੈਸ਼ੰਕਰ ਦਾ ਸਵਾਗਤ ਕੀਤਾ। ਭਾਰਤੀ ਹਾਈ ਕਮਿਸ਼ਨ ਨੇ ਇਥੇ ਟਵੀਟ ਕੀਤਾ, ‘‘ਉਹ ਕੀਨੀਆ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਬੈਠਕਾਂ ਕਰਨਗੇ, ਜਿਸ ਦੀ ਸ਼ੁਰੂਆਤ ਉਹ ਵਿਦੇਸ਼ ਦਫਤਰ ਦੇ ਸੀ. ਐੱਸ. ਆਂਬ ਰੋਸ਼ੇਲ ਓਮਾਮੋ ਨਾਲ ਅੱਜ ਬੈਠਕ ਕਰਕੇ ਕਰਨਗੇ।’’ ਉਹ ਕੀਨੀਆ ਦੇ ਵਿਦੇਸ਼ ਮੰਤਰੀ ਨਾਲ ਭਾਰਤ-ਕੀਨੀਆ ਸਾਂਝੇ ਕਮਿਸ਼ਨ ਦੀ ਤੀਸਰੀ ਬੈਠਕ ਦੀ ਪ੍ਰਧਾਨਗੀ ਕਰਨਗੇ, ਜਿਸ ’ਚ ਦੋਪੱਖੀ ਸੰਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਵੇਗੀ।

ਸਾਂਝੇ ਕਮਿਸ਼ਨ ਦੀ ਪਿਛਲੀ ਬੈਠਕ ਮਾਰਚ 2019 ਨੂੰ ਨਵੀਂ ਦਿੱਲੀ ’ਚ ਆਯੋਜਿਤ ਹੋਈ ਸੀ। ਜੈਸ਼ੰਕਰ ਭਾਰਤ-ਕੀਨੀਆ ਸਬੰਧਾਂ ਨੂੰ ਅੱਗੇ ਵਧਾਉਣ ਲਈ ਕੀਨੀਆਈ ਸਰਕਾਰ ਦੇ ਹੋਰ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਦੀ ਯਾਤਰਾ ਤੋਂ ਪਹਿਲਾਂ ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਵਿਕਾਸ ਸਾਂਝੇਦਾਰੀ, ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਦਾ ਇਕ ਅਹਿਮ ਪੱਖ ਹੈ ਤੇ ਇਹ ਅੱਗੇ ਹੋਰ ਗੂੜ੍ਹੀ ਹੋਵੇਗੀ। ਮੰਤਰੀ ਭਾਰਤੀ ਮੂਲ ਦੇ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ, ਜੋ ਦੋਵਾਂ ਦੇਸ਼ਾਂ ਦਰਮਿਆਨ ਇਕ ਅਹਿਮ ਪੁਲ ਹੈ। ਕੀਨੀਆ ’ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਥੇ ਮੌਜੂੁਦਾ ਸਮੇਂ ’ਚ 80,000 ਦੇ ਲੱਗਭਗ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ’ਚ ਤਕਰੀਬਨ 20,000 ਭਾਰਤੀ ਨਾਗਰਿਕ ਸ਼ਾਮਲ ਹਨ। ਭਾਰਤ ਤੇ ਕੀਨੀਆ ਮੌਜੂੁਦਾ ਸਮੇਂ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਹਨ। ਉਹ ਰਾਸ਼ਟਰਮੰਡਲ ਦੇ ਮੈਂਬਰ ਵੀ ਹਨ। ਕੀਨੀਆ ਅਫਰੀਕੀ ਸੰਘ ਦਾ ਇਕ ਸਰਗਰਮ ਮੈਂਬਰ ਵੀ ਹੈ, ਜਿਸ ਦੇ ਨਾਲ ਭਾਰਤ ਦੇ ਲੰਮੇ ਸਬੰਧ ਹਨ। 


Manoj

Content Editor

Related News