ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਲਈ ਨਾਮਜ਼ਦ ਹੋਏ ਇਹ ਭਾਰਤੀ ਸਨਅੱਤਕਾਰ

Tuesday, Sep 10, 2019 - 09:33 PM (IST)

ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਲਈ ਨਾਮਜ਼ਦ ਹੋਏ ਇਹ ਭਾਰਤੀ ਸਨਅੱਤਕਾਰ

ਲੰਡਨ (ਏਜੰਸੀ)-ਉੱਘੇ ਐਨ.ਆਰ.ਆਈ. ਉਦਯੋਗਪਤੀ ਰਾਮੀ ਰੇਂਜਰ ਨੂੰ ਬ੍ਰਿਟੇਨ ਦੇ ਹਾਊਸ ਆਫ ਲਾਰਡਸ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਫੈਸਲਾ ਵਪਾਰ ਬਿਰਾਦਰੀ, ਕੰਜ਼ਰਵੇਟਿਵ ਪਾਰਟੀ ਅਤੇ ਜਨਤਾ ਲਈ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਲਿਆ ਗਿਆ ਹੈ। ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਪਣੇ ਅਸਤੀਫੇ ਵਿਚ ਰੇਂਜਰ ਦੇ ਨਾਂ ਦੀ ਇਸ ਦੇ ਲਈ ਸਿਫਾਰਿਸ਼ ਕੀਤੀ ਸੀ। ਰਾਮੀ ਰੇਂਜਰ ਨੇ ਇਸ ਨੂੰ ਲੈ ਕੇ ਖੁਸ਼ੀ ਜਤਾਈ ਅਤੇ ਇਸ ਸਨਮਾਨ ਨੂੰ ਭਾਰਤ, ਪਾਕਿ ਅਤੇ ਬ੍ਰਿਟੇਨ ਦੇ ਸਬੰਧਾਂ ਨੂੰ ਸਮਰਪਿਤ ਕੀਤਾ। ਰੇਂਜਰ ਨੇ ਕਿਹਾ ਕਿ ਮੈਂ ਇਸ ਸਨਮਾਨ ਨੂੰ ਭਾਰਤ, ਪਾਕਿਸਤਾਨ ਅਤੇ ਬ੍ਰਿਟੇਨ ਵਿਚਾਲੇ ਦੋਸਤੀ ਬਣਾਉਣ ਲਈ ਸਮਰਪਿਤ ਕਰਦਾ ਹਾਂ।

ਮੈਂ ਬ੍ਰਿਟੇਨ ਵਿਚ ਰਹਿ ਰਹੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਸਬੰਧ ਬਣਾਉਣ ਲਈ ਮਿਹਨਤ ਕਰਾਂਗਾ। ਸਾਲ 1947 ਵਿਚ ਗੁਜਰਾਨਵਾਲਾ (ਮੌਜੂਦਾ ਸਮੇਂ ਵਿਚ ਪਾਕਿਸਤਾਨ ਵਿਚ) ਵਿਚ ਜਨਮੇ ਰਾਮੀ ਰੇਂਜਰ ਆਪਣੀ ਮਾਂ, 7 ਭਰਾ ਅਤੇ ਇਕ ਭੈਣ ਦੇ ਨਾਲ ਭਾਰਤ ਦੇ ਪੰਜਾਬ ਵਿਚ ਆ ਗਏ ਸਨ। ਵੰਡ ਵੇਲੇ ਉਨ੍ਹਾਂ ਦੇ ਪਿਤਾ ਦੀ ਗੁੱਜਰਾਂਵਾਲਾ ਵਿਚ ਹੱਤਿਆ ਕਰ ਦਿੱਤੀ ਗਈ ਸੀ। ਚੰਡੀਗੜ੍ਹ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਕਾਨੂੰਨ ਦੀ ਪੜ੍ਹਾਈ ਕਰਨ ਲਈ ਬ੍ਰਿਟੇਨ ਚਲੇ ਗਏ ਸਨ। ਰੇਂਜਰ ਨੇ ਆਪਣਾ ਪਹਿਲਾ ਕਾਰਗੋ ਸ਼ਿਪਿੰਗ ਵਪਾਰ ਸਿਰਫ ਦੋ ਪਾਉਂਡ (ਮੌਜੂਦਾ ਸਮੇਂ ਵਿਚ ਲਗਭਗ 177 ਰੁਪਏ) ਤੋਂ ਸ਼ੁਰੂ ਕੀਤਾ ਸੀ। ਅੱਜ ਉਹ ਸਨ ਮਾਰਕ ਲਿਮਿਟੇਡ, ਸੀ ਏਅਰ ਅਤੇ ਲੈਂਡ ਫਾਰਵਾਰਡਿੰਗ ਲਿਮਟਿਡ ਦੇ ਚੇਅਰਮੈਨ ਹਨ। ਮੌਜੂਦਾ ਸਮੇਂ ਵਿਚ ਉਹ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਹਨ।


author

Sunny Mehra

Content Editor

Related News