ਐੱਚ-1ਬੀ ਵੀਜ਼ੇ 'ਤੇ ਆਏ ਮਾਪਿਆਂ ਨੂੰ ਆਪਣੇ ਬੱਚਿਆਂ ਸਣੇ ਭਾਰਤ ਵਾਪਸ ਆਉਣ ਦੀ ਮਿਲੀ ਇਜਾਜ਼ਤ

05/25/2020 8:15:24 AM

ਵਾਸ਼ਿੰਗਟਨ  ਡੀ. ਸੀ. (ਰਾਜ ਗੋਗਨਾ)- ਭਾਰਤ ਤੋਂ ਐੱਚ-1ਬੀ ਵੀਜ਼ੇ 'ਤੇ ਆਏ ਮਾਪਿਆਂ ਨੂੰ ਆਪਣੇ ਬੱਚਿਆਂ ਸਣੇ ਭਾਰਤ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਮਰੀਕੀ ਨਾਗਰਿਕ ਬੱਚਿਆਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਕ ਖਾਸ ਪੱਤਰ ਜਾਰੀ ਕਰਕੇ ਇਹ ਰਾਹਤ ਦਿੱਤੀ ਗਈ ਹੈ। ਮਾਪਿਆਂ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ,ਵਿਦੇਸ਼ ਮੰਤਰਾਲੇ ਤੇ ਅੰਬੈਸੀ ਦਾ ਧੰਨਵਾਦ ਕੀਤਾ ਗਿਆ ਹੈ।

ਇਸ ਸੰਬੰਧ 'ਚ ਭਾਰਤੀ ਅੰਬੈਸੀ ਵਲੋਂ ਪ੍ਰੈੱਸ ਨੋਟ ਜਾਰੀ ਕਰਨ ਉਪਰੰਤ ਪਤਾ ਲੱਗਾ ਕਿ ਅੰਬੈਸੀ ਨੇ ਭਾਰਤ ਸਰਕਾਰ ਨਾਲ ਲਗਾਤਾਰ ਰਾਬਤਾ ਕਰਕੇ ਇਸ ਮੁਸ਼ਕਲ ਦਾ ਹੱਲ ਕਰਵਾਇਆ ਹੈ। ਇਸ ਸੰਬੰਧੀ ਪਿਛਲੇ ਦਿਨੀਂ ਕਾਫ਼ੀ ਕੁਝ ਅਖ਼ਬਾਰਾਂ ਵਿੱਚ ਛਪਿਆ ਸੀ। ਜ਼ਿਕਰਯੋਗ ਹੈ ਕਿ ਜਿਹੜੇ ਭਾਰਤੀ ਅਮਰੀਕਾ 'ਚ ਆਈ. ਟੀ. ਦੀ ਨੌਕਰੀ ਲਈ ਆਏ ਸਨ, ਉਨ੍ਹਾਂ ਵਿਚੋਂ ਕਈਆਂ ਦੀਆਂ ਕੋਰੋਨਾ ਕਾਰਨ ਨੌਕਰੀਆਂ ਚਲੀਆਂ ਗਈਆਂ ਤੇ ਉਹ ਭਾਰਤ ਵਾਪਸ ਜਾਣਾ ਚਾਹੁੰਦੇ ਸਨ। ਇਨ੍ਹਾਂ ਭਾਰਤੀਆਂ ਦੇ ਬੱਚੇ ਕਾਨੂੰਨੀ ਤੌਰ 'ਤੇ ਅਮਰੀਕਾ ਦੇ ਨਾਗਰਿਕ ਬਣ ਗਏ ਹਨ। ਉਹ ਭਾਰਤ ਜਾਣ ਲਈ ਉਤਾਵਲੇ ਸਨ ਪਰ ਉਨ੍ਹਾਂ ਦੇ ਬੱਚਿਆਂ ਦੇ ਅਮਰੀਕੀ ਨਾਗਰਿਕ ਹੋਣ ਕਰਕੇ ਭਾਰਤ ਆਉਣ ਵਿਚ ਮੁਸ਼ਕਲ ਆ ਰਹੀ ਸੀ ਕਿਉਂਕਿ ਉਨ੍ਹਾਂ 'ਤੇ ਆਰਜ਼ੀ ਰੋਕ ਲਗਾ ਦਿੱਤੀ ਗਈ ਸੀ।

ਮਾਪਿਆਂ ਨੇ ਭਾਰਤੀ ਅੰਬੈਸਡਰ ਸ. ਤਰਨਜੀਤ ਸਿੰਘ ਸੰਧੂ ਨੂੰ ਬੇਨਤੀ ਕੀਤੀ ਸੀ ਕਿ ਬਿਨਾ ਨੌਕਰੀ ਦੇ ਉਨ੍ਹਾਂ ਦਾ ਅਮਰੀਕਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਵੀ ਉਨ੍ਹਾਂ ਨਾਲ ਹੀ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਬਹੁਤਿਆਂ ਦੇ ਬੱਚੇ ਤਾਂ ਇਕ-ਦੋ ਸਾਲ ਦੇ ਹਨ, ਜਿਨ੍ਹਾਂ ਨੂੰ ਇਕੱਲੇ ਅਮਰੀਕਾ ਛੱਡ ਕੇ ਉਹ ਭਾਰਤ ਨਹੀਂ ਆ ਸਕਦੇ ਸਨ। ਅੰਬੈਸਡਰ ਤਰਨਜੀਤ ਸਿੰਘ ਸੰਧੂ  ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਇਸ ਮੁਸ਼ਕਲ ਨੂੰ ਹੱਲ ਕੀਤਾ, ਜਿਸ ਦੀ ਸ਼ਲਾਘਾ ਹੋ ਰਹੀ ਹੈ। ਭਾਰਤ ਸਰਕਾਰ ਨੇ ਇਸ ਸਥਿਤੀ ਨੂੰ ਪਹਿਲ ਦੇ ਅਧਾਰ 'ਤੇ ਪ੍ਰਵਾਨਗੀ ਦੇ ਕੇ ਇਨ੍ਹਾਂ ਮਾਪਿਆਂ ਨੂੰ ਬੱਚਿਆਂ ਸਣੇ ਭਾਰਤ ਭੇਜਣ ਦਾ ਤੁਰੰਤ ਪ੍ਰਬੰਧ ਕਰ ਦਿੱਤਾ ਹੈ। ਮਾਪੇ ਆਪਣੇ ਬੱਚਿਆਂ ਸਣੇ ਜਾਣ ਲਈ ਧੜਾ-ਧੜ ਰਜਿਸਟ੍ਰੇਸ਼ਨ ਕਰਵਾਉਣ ਲੱਗ ਪਏ ਹਨ।
 


Lalita Mam

Content Editor

Related News