ਭਾਰਤੀ ਕਾਰੋਬਾਰੀ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਪੁਲਸ ਨੇ ਠੋਕਿਆ 1.2 ਲੱਖ ਯੂਰੋ ਦਾ ਜੁਰਮਾਨਾ
Sunday, Jun 08, 2025 - 09:16 PM (IST)

ਬਰੇਸ਼ੀਆ (ਦਲਵੀਰ ਸਿੰਘ ਕੈਂਥ) : ਇਟਲੀ 'ਚ ਕਿਰਤੀਆਂ ਦਾ ਸੋਸ਼ਣ ਰੋਕਣ ਤੇ ਟੈਕਸ ਚੋਰਾਂ ਨੂੰ ਨੱਥ ਪਾਉਣ ਲਈ ਪੁਲਸ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਇਟਲੀ ਦੇ ਵੱਖ-ਵੱਖ ਸੂਬਿਆਂ ਵਿੱਚ ਹਰ ਉਸ ਕਾਰੋਬਾਰੀ ਖੇਤਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਪ੍ਰਵਾਸੀ ਕਿਰਤੀ ਕੰਮ ਕਰਦੇ ਹਨ।
ਇਟਲੀ ਪੁਲਸ ਪ੍ਰਸ਼ਾਸ਼ਨ ਨੇ ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ ਪ੍ਰਵਾਸੀਆਂ ਦੇ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਲੰਬਾਰਦੀਆਂ ਦੇ ਇਲਾਕੇ ਬਰੇਸ਼ੀਆ ਵਿੱਚ ਦੋ ਲੋਹੇ ਦਾ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਦੀ ਜਾਂਚ-ਪੜਤਾਲ ਕੀਤੀ ਜਿਹਨਾਂ ਵਿੱਚੋਂ ਇੱਕ ਫੈਕਟਰੀ ਜਿਸ ਦਾ ਮਾਲਕ ਭਾਰਤੀ ਮੂਲ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਫੈਕਟਰੀ ਵਿੱਚ ਵਿੱਚ 12 ਕਾਮਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਪੁਲਸ ਹੈਰਾਨ ਰਹੀ ਗਈ ਕਿ 12 ਵਿਚੋਂ 10 ਕਾਮੇ ਬਿਨ੍ਹਾਂ ਕੰਮ ਦੇ ਇਕਰਾਰਨਾਮੇ ਦੇ ਕੰਮ ਕਰ ਰਹੇ ਸਨ। 6 ਕਾਮੇ ਤਾਂ ਇਟਲੀ ਦੇ ਵੈਧ ਦਸਤਾਵੇਜ਼ਾਂ ਤੋਂ ਬਿਨ੍ਹਾਂ ਵੀ ਪਾਏ ਗਏ ਜਿਸ ਨਾਲ ਪੁਲਸ ਨੇ ਸਾਰੀ ਜਾਂਚ ਚੌਕੰਨੇ ਹੋ ਕੀਤੀ। ਜਦੋਂ ਫੈਕਰਰੀ ਦਾ ਨਿਰੀਖਣ ਕੀਤਾ ਗਿਆ ਤਾਂ ਇਸ ਦਾ ਮਾਲਕ ਚਿੱਟੇ ਦਿਨ ਲੇਬਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਲਈ ਦੋਸ਼ੀ ਪਾਇਆ ਗਿਆ। ਪੁਲਸ ਨੇ ਉਸ ਨੂੰ ਪੁਲਸ ਹੈਡਕੁਆਰਟਰ ਆਕੇ ਆਪਣਾ ਪੱਖ ਰੱਖਣ ਦੀ ਗੱਲ ਰੱਖਦਿਆਂ ਦੇਖਿਆ ਕਿ ਇਸ ਫੈਕਟਰੀ ਵਿੱਚ ਕਾਮੇ ਗੈਰ-ਕਾਨੂੰਨੀ ਹੀ ਨਹੀਂ ਸਗੋਂ ਕੰਮ ਦੌਰਾਨ ਕਈ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣੇ ਸਨ। ਜਿਵੇਂ ਕਿ ਕਾਮਿਆਂ ਲਈ ਕੰਮ ਦੌਰਾਨ ਨਾ ਕੋਈ ਢੰਗ ਦੀ ਸੁੱਰਖਿਆਂ, ਨਾ ਸਫ਼ਾਈ ਹੋਰ ਤਾਂ ਹੋਰ ਇੱਥੋਂ ਦਾ ਵਾਤਾਵਰਣ ਵੀ ਪ੍ਰਦੂਸ਼ਿਤ ਪਾਇਆ ਗਿਆ। ਭਾਰਤੀ ਮੂਲ ਦਾ ਕੰਪਨੀ ਮਾਲਕ ਜਿਸ ਦੀ ਉਮਰ 64 ਸਾਲ ਹੈ ਤੇ ਇਲਾਕੇ ਦੀਆਂ ਨਾਮੀ ਸਖ਼ਸੀਅਤ ਵਿੱਚੋਂ ਮੋਹਰੀ ਕਰਕੇ ਜਾਣਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਮਾਂ ਖੇਡ ਕੱਬਡੀ ਨੂੰ ਵੀ ਇਸ ਭਾਰਤੀ ਮੂਲ ਦੇ ਸਖ਼ਸ ਨੇ ਇਟਲੀ ਵਿੱਚ ਪ੍ਰਮੋਟ ਕਰਨ ਲਈ ਸੇਵਾ ਨਿਭਾਈ ਹੈ।
ਅਜਿਹੇ ਸਖ਼ਸ ਵੱਲੋਂ ਇੰਨੀ ਵੱਡੀ ਗਲਤੀ ਉਸ ਦੇ ਓਵਰ ਕੌਨਫੀਡੈਂਸ ਨੂੰ ਹੀ ਪ੍ਰਮਾਣਿਤ ਕਰਦੀ ਹੈ ਜਿਸ ਕਾਰਨ ਪੁਲਸ ਨੇ ਜਿੱਥੇ ਉਸ ਦੀ ਫੈਕਟਰੀ ਦੀ ਮਸ਼ੀਨਰੀ ਜ਼ਬਤ ਕੀਤੀ ਕਾਰੋਬਾਰ ਉਪੱਰ ਰੋਕ ਲਗਾ ਦਿੱਤੀ ਹੈ ਉੱਥੇ ਕਾਨੂੰਨ ਨੂੰ ਟਿੱਚ ਕਰਕੇ ਜਾਣਨ ਲਈ ਵੱਖ-ਵੱਖ ਗੁਸਤਾਖੀਆਂ ਲਈ 44000 ਯੂਰੋ ਤੇ 58,200 ਯੂਰੋ ਦਾ ਜੁਰਮਾਨਾ ਠੋਕਿਆ ਹੈ। ਲੱਗੇ ਦੋਸ਼ਾਂ ਵਿੱਚ ਕੰਮ, ਸਿਹਤ ਅਤੇ ਸੁਰੱਖਿਆ ਨਾਲ ਸੰਬਧਤ ਅਪਰਾਧ ਸ਼ਾਮਲ ਹਨ ਜਿਹਨਾਂ ਦੀ ਬਹੁਤ ਹੀ ਬਾਰੀਕੀ ਨਾਲ ਨਿਆਂਇਕ ਅਧਿਕਾਰੀਆਂ ਦੁਆਰਾ ਬਾਜ ਅੱਖ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨਾਲ ਹੁਣ ਉਨ੍ਹਾਂ ਤਮਾਮ ਭਾਰਤੀ ਕਾਰੋਬਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਜਿਹਨਾਂ ਕੰਮ ਦੌਰਾਨ ਕਦੀ ਇਟਲੀ ਦੇ ਕਾਨੂੰਨ ਦੀ ਪੂਰਨ ਪਾਲਣਾ ਨਹੀਂ ਕੀਤੀ। ਦੂਜੇ ਪਾਸੇ ਪੁਲਸ ਸਭ ਭਾਰਤੀ ਕਾਰੋਬਾਰੀਆਂ ਨੂੰ ਇਸ ਗੋਰਖ ਧੰਦੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ ਤੇ ਹੋ ਸਕਦਾ ਕਈ ਹੋਰ ਵੀ ਛੁਪੇ ਰੁਸਤਮ ਜਿਹੜੇ ਕਾਨੂੰਨ ਨੂੰ ਮਜ਼ਾਕ ਕਰਦੇ ਹਨ ਸਾਹਮਣੇ ਆ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e