ਕੈਲੀਫੋਰਨੀਆ ’ਚ ਅਪਰਾਧਿਕ ਸਰਗਰਮੀਆਂ ਤੇ ਹਥਿਆਰ ਰੱਖਣ ਦੇ ਦੋਸ਼ ’ਚ ਇਕ ਭਾਰਤੀ ਗ੍ਰਿਫਤਾਰ
Saturday, Mar 29, 2025 - 04:30 AM (IST)

ਨਿਊਯਾਰਕ (ਰਾਜ ਗੋਗਨਾ) - ਯੂ. ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ ਕੈਲੀਫੋਰਨੀਆ ਦੇ ਫਰੈਂਚ ਕੈਂਪ ਵਿਚ ਇਕ ਭਾਰਤੀ ਨੂੰ ਅਪਰਾਧਿਕ ਸਰਗਰਮੀਆਂ ਤੇ ਹਥਿਆਰ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 23 ਸਾਲਾ ਗੁਰਦੇਵ ਸਿੰਘ ਨੂੰ ਪਹਿਲਾਂ 2 ਸਤੰਬਰ, 2023 ਨੂੰ ਐਰੀਜ਼ੋਨਾ ਦੇ ਲੂਕਵਿਲ ਨੇੜੇ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ’ਚ ਦਾਖਲ ਹੋਣ ’ਤੇ ਯੂ. ਐੱਸ. ਬਾਰਡਰ ਪੈਟਰੋਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਇਕ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਪੇਸ਼ ਹੋਣ ’ਤੇ ਇਕ ਨੋਟਿਸ ਦੇ ਕੇ ਰਿਹਾਅ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਸ ਦੀ ਪਛਾਣ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਨਾਲ ਜੁੜੇ ਹੋਣ ਵਜੋਂ ਹੋਈ ਸੀ ਅਤੇ ਆਈ. ਸੀ. ਈ. ਮੁਤਾਬਕ ਉਹ ਗੈਰ-ਕਾਨੂੰਨੀ ਤੌਰ ’ਤੇ ਹਥਿਆਰ ਰੱਖਣ ਲਈ ਜਾਣਿਆ ਜਾਂਦਾ ਸੀ। ਲੰਘੀ 6 ਮਾਰਚ ਨੂੰ ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਸਿੰਘ ਨੂੰ ਜਨਤਕ ਤੌਰ ’ਤੇ ਇਕ ਲੋਡਿਡ ਹਥਿਆਰ ਰੱਖਣ, ਚੋਰੀ ਹੋਏ ਵਾਹਨ ਰੱਖਣ ਅਤੇ ਬੱਚਿਆਂ ਨੂੰ ਖਤਰੇ ਵਿਚ ਪਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ।