ਭਾਰਤੀ-ਅਮਰੀਕੀਆਂ ਨੇ ਰਾਮ ਮੰਦਰ ਦੇ ਨੀਂਹ ਪੱਥਰ ਰੱਖਣ ਦਾ ਮਨਾਇਆ ਜਸ਼ਨ
Wednesday, Aug 05, 2020 - 10:52 PM (IST)
ਵਾਸ਼ਿੰਗਟਨ- ਅਯੁੱਧਿਆ ਵਿਚ ਇਤਿਹਾਸਕ ਰਾਮ ਮੰਦਰ ਦੀ ਨੀਂਹ ਰੱਖੇ ਜਾਣ ਦਾ ਅਮਰੀਕਾ ਵਿਚ ਅਮਰੀਕੀ-ਭਾਰਤੀਆਂ ਨੇ ਦੀਵੇ ਜਗਾ ਕੇ ਜਸ਼ਨ ਮਨਾਇਆ। ਕੈਪੀਟਲ ਹਿੱਲ ਵਿਚ ਰਾਮ ਮੰਦਰ ਦੀਆਂ ਤਸਵੀਰਾਂ ਦੀ ਇਕ ਝਾਕੀ ਵੀ ਕੱਢੀ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਬੁੱਧਵਾਰ ਨੂੰ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਾ ਕੀਤੀ ਤੇ ਮੰਦਰ ਦਾ ਨੀਂਹ ਪੱਥਰ ਰੱਖਿਆ। ਭਾਰਤ ਦੀ ਸਰਵ ਉੱਚ ਅਦਾਲਤ ਨੇ ਪਿਛਲੇ ਸਾਲ ਦਹਾਕਿਆਂ ਪੁਰਾਣੇ ਮੁੱਦੇ ਦਾ ਹੱਲ ਕਰਦੇ ਹੋਏ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕਰਨ ਦਾ ਰਾਹ ਸਾਫ ਕਰ ਦਿੱਤਾ ਸੀ।
ਅਮਰੀਕਾ ਵਿਚ ਹਿੰਦੂ ਭਾਈਚਾਰੇ ਦੇ ਵੱਖ-ਵੱਖ ਸਮੂਹਾਂ ਨੇ ਸਮਾਰੋਹ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਹੈ। ਵਾਸ਼ਿੰਗਟਨ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਅਮਰੀਕਾ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਇਕ ਟਰੱਕ 'ਤੇ ਝਾਕੀ ਕੱਢੀ ਜਿਸ ਵਿਚ ਰਾਮ ਮੰਦਰ ਦੀ ਤਸਵੀਰ ਸੀ। ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਸ਼ਹਿਰ ਵਿਚ ਟਰੱਕ ਨੇ ਚੱਕਰ ਲਗਾਏ। ਅਮਰੀਕਾ ਦੇ ਬਾਕੀ ਹਿੱਸਿਆਂ ਵਿਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਘਰਾਂ ਵਿਚ ਦੀਵੇ ਜਗਾਏ। ਬਹੁਤ ਸਾਰੀਆਂ ਥਾਵਾਂ 'ਤੇ ਆਨਲਾਈਨ ਵਧਾਈ ਦਿੱਤੀ ਗਈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ ਮੌਕੇ ਹਿੰਦੂ ਭਾਈਚਾਰੇ ਨੂੰ ਵਧਾਈ ਦਿੱਤੀ।