ਟਰੰਪ ਨੇ ਕੋਵਿਡ-19 ਨਾਲ ਲੜਾਈ ''ਚ ਭਾਰਤੀ ਮੂਲ ਦੇ ਡਾਕਟਰਾਂ ਦੇ ਯੋਗਦਾਨ ''ਤੇ ਕੀਤਾ ਧੰਨਵਾਦ

07/02/2020 6:29:20 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀਆਂ ਸਮੇਤ ਸਾਰੇ ਡਾਕਟਰਾਂ, ਨਰਸਾਂ ਅਤੇ ਸਿਹਤ ਦੇਖਭਾਲ ਪੇਸ਼ੇਵਰਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਇਹਨਾਂ ਸਾਰਿਆਂ ਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਲੜਨ ਲਈ ਨਿਸ਼ਕਾਮ ਭਾਵਨਾ ਨਾਲ ਵਿਸ਼ੇਸ਼ ਕੋਸ਼ਿਸ਼ ਕੀਤੀ। ਵ੍ਹਾਈਟ ਹਾਊਸ ਦੀ ਸਹਾਇਕ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਬੁੱਧਵਾਰ ਨੂੰ ਪੀ.ਟੀ.ਆਈ-ਭਾਸ਼ਾ ਨੂੰ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਵਿਰੁੱਧ ਲੜਾਈ ਵਿਚ 1,00,000 ਤੋਂ ਵਧੇਰੇ ਭਾਰਤੀ-ਅਮਰੀਕੀ ਡਾਕਟਰਾਂ ਨੇ ਯੋਗਦਾਨ ਦਿੱਤਾ ਅਤੇ ਰਾਸ਼ਟਰਪਤੀ ਨੇ ਉਹਨਾਂ ਦੇ ਅਣਥੱਕ ਜੀਵਨ ਰੱਖਿਅਕ ਕੰਮ ਦੇ ਲਈ ਉਹਨਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ। 

ਇਹ ਪਹਿਲੀ ਵਾਰ ਹੈ ਜਦੋਂ ਵ੍ਹਾਈਟ ਹਾਊਸ ਨੇ ਭਾਰਤੀ-ਅਮਰੀਕੀ ਡਾਕਟਰਾਂ, ਨਰਸਾਂ ਤੇ ਸਿਹਤ ਦੇਖਭਾਲ ਪੇਸ਼ੇਵਰਾਂ ਦੇ ਨਿਸ਼ਕਾਮ ਯੋਗਦਾਨ ਦੀ ਪਛਾਣ ਕੀਤੀ ਹੈ। ਲੀਵਿਟ ਨੇ ਕਿਹਾ,''ਰਾਸ਼ਟਰਪਤੀ ਟਰੰਪ ਉਹਨਾਂ ਸਾਰੇ ਡਾਕਟਰਾਂ, ਨਰਸਾਂ ਅਤੇ ਸਿਹਤ ਦੇਖਭਾਲ ਪੇਸ਼ੇਵਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਫਰੰਟ ਮੋਰਚੇ 'ਤੇ ਲੜਨ ਲਈ ਨਿਸ਼ਕਾਮ ਭਾਵਨਾ ਨਾਲ ਕੋਸ਼ਿਸ਼ ਕੀਤੀ।'' ਅਮਰੀਕਾ ਦੇ ਜੌਨਸ ਹਾਪਕਿਨਜ ਕੋਰੋਨਾਵਾਇਰਸ ਰਿਸੋਰਸ ਸੈਂਟਰ ਦੇ ਮੁਤਾਬਕ ਇਸ ਗਲੋਬਲ ਮਹਾਮਾਰੀ ਨੇ ਦੁਨੀਆ ਭਰ ਵਿਚ ਇਕ ਕਰੋੜ ਤੋਂ ਵਧੇਰੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਸ ਨਾਲ 5,16,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਇਸ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਉੱਥੇ ਪੀੜਤਾਂ ਦੀ ਗਿਣਤੀ 27 ਲੱਖ ਤੋਂ  ਵਧੇਰੇ ਹੈ ਅਤੇ 1,28,000 ਤੋਂ ਵਧੇਰੇ ਲੋਕ ਜਾਨ ਗਵਾ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- ਐਡੀਲੇਡ 'ਚ ਕੋਰੋਨਾਵਾਇਰਸ ਵੈਕਸੀਨ ਦਾ ਮਨੁੱਖੀ ਟ੍ਰਾਇਲ ਸ਼ੁਰੂ  

ਵੱਕਾਰੀ ਭਾਰਤੀ-ਅਮਰੀਕੀ ਡਾਕਟਰਾਂ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਮਹੱਤਵ ਦੇਣ ਲਈ ਟਰੰਪ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਹੈ। ਅਮੇਰਿਕਨ ਐਸੋਸੀਏਸ਼ਨ ਆਫ ਫਿਜੀਸ਼ੀਅੰਸ ਆਫ ਇੰਡੀਆ-ਓਰੀਜਨ (AAPI) ਦੇ ਨਿਊਯਾਰਕ ਚੈਪਟਰ ਦੇ ਪ੍ਰਧਾਨ ਡਾਕਟਰ ਰਾਜ ਭਯਾਨੀ ਨੇ ਕਿਹਾ,''ਅਸੀਂ ਆਪਣੇ ਜੀਵਨ ਦੇ ਸਭ ਤੋਂ ਬੇਮਿਸਾਲ ਸੰਕਟਾਂ ਵਿਚੋਂ ਇਕ ਵਿਚੋਂ ਲੰਘ ਰਹੇ ਹਾਂ। ਰਾਸ਼ਟਰਪਤੀ ਟਰੰਪ ਦੀ ਅਗਵਾਈ ਨੇ ਦੇਸ਼ ਦਾ ਆਰਥਿਕ ਨੁਕਸਾਨ ਘੱਟ ਕਰਨ ਵਿਚ ਮਦਦ ਕੀਤੀ ਹੈ।'' ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ AAPI ਸੰਮੇਲਨ ਵਿਚ ਹਾਲ ਹੀ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਨੂੰ ਕੋਵਿਡ-19 ਵਿਰੁੱਧ ਲੜਾਈ ਵਿਚ ਭਾਰਤੀ ਮੂਲ ਦੇ ਡਾਕਟਰਾਂ ਦੇ ਯੋਗਦਾਨ ਅਤੇ ਉਪਲਬਧੀਆਂ 'ਤੇ ਮਾਣ ਹੈ।


Vandana

Content Editor

Related News