ਇਟਲੀ ਚੋਣਾਂ ''ਚ ਜੇਤੂ ਰਹੀ ਲਵਪ੍ਰੀਤ ਕੌਰ ਨੂੰ ਵਧਾਈ ਦੇਣ ਪੁੱਜੀ ਭਾਰਤੀ ਅੰਬੈਸਡਰ

06/19/2019 8:34:13 AM

ਰੋਮ (ਕੈਂਥ)— ਭਾਰਤੀ ਨੌਜਵਾਨਾਂ ਵਲੋਂ ਵਿਦੇਸ਼ਾਂ ਵਿੱਚ ਵਿਚਰਦਿਆਂ ਵਿੱਦਿਆਕ ਅਤੇ ਹੋਰ ਖੇਤਰਾਂ ਵਿੱਚ ਆਪਣੀ ਕਾਬਲੀਅਤ ਦੇ ਝੰਡੇ ਬੁਲੰਦ ਕਰਕੇ ਜੋ ਵਿਦੇਸ਼ਾਂ ਵਿੱਚ ਕਾਮਯਾਬੀ ਦੀਆਂ ਨਵੀਆਂ ਪੈੜਾਂ ਪਾਈਆਂ ਜਾ ਰਹੀਆਂ ਹਨ, ਉਸ ਨਾਲ ਦੇਸ਼-ਵਿਦੇਸ਼ ਵੱਸਦੇ ਹਰ ਭਾਰਤੀ ਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ।ਅਜਿਹੇ ਸ਼ਲਾਘਾਯੋਗ ਕਾਰਜਾਂ ਲਈ ਵਿਦੇਸ਼ਾਂ 'ਚ ਰੈਣ-ਬਸੇਰਾ ਕਰਦੇ ਭਾਰਤੀ ਨੌਜਵਾਨਾਂ ਨੂੰ ਭਾਈਚਾਰੇ ਵਲੋਂ ਉਤਸ਼ਾਹਿਤ ਕਰਨਾ ਚਾਹੁੰਦਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਡਮ ਰੀਨਤ ਸੰਧੂ ਅੰਬੈਸਡਰ ਭਾਰਤੀ ਅੰਬੈਂਸੀ ਰੋਮ ਨੇ ਇਟਲੀ ਦੇ ਸ਼ਹਿਰ ਸੇਫਰੋ ਵਿਖੇ ਸਿੱਖ ਪਰਿਵਾਰ ਦੇ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਸਪੁੱਤਰੀ ਲਵਪ੍ਰੀਤ ਕੌਰ ਨੂੰ ਸਿੰਦਾਕੋ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਉਪੰਰਤ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕਰਦਿਆਂ ਕੀਤਾ। ਬੀਤੀ 26 ਮਈ ਨੂੰ ਇਟਲੀ ਦੇ ਸ਼ਹਿਰ ਸੇਫਰੋ (ਮਚੇਰਾਤਾ) ਵਿਖੇ ਹੋਈਆਂ ਸਿੰਦਾਕੋ ਦੀਆਂ ਚੋਣਾਂ ਵਿੱਚ ਜੇਤੂ ਰਹੀ ਲਵਪ੍ਰੀਤ ਕੌਰ ਦੀ ਜਿੱਤ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਦੀ ਜਿੱਤ ਹੈ, ਜਿਸ ਲਈ ਲਵਪ੍ਰੀਤ ਕੌਰ ਵਿਸ਼ੇਸ਼ ਵਧਾਈ ਦੀ ਹੱਕਦਾਰ ਹੈ। ਸਿੰਦਾਕੋ ਦੀਆਂ ਚੋਣਾਂ 'ਚ ਜੇਤੂ ਰਹੀ ਪੰਜਾਬ ਦੀ ਧੀ ਲਵਪ੍ਰੀਤ ਕੌਰ ਨੂੰ ਉਚੇਚੇ ਤੌਰ 'ਤੇ ਵਧਾਈ ਦੇਣ ਲਈ ਪਹੁੰਚੇ ਮੈਡਮ ਸੰਧੂ ਨੇ ਇਲਾਕੇ ਦੇ ਭਾਰਤੀਆਂ ਨੂੰ ਕਿਹਾ ਕਿ ਲਵਪ੍ਰੀਤ ਕੌਰ ਦੀ ਇਹ ਜਿੱਤ ਉਨ੍ਹਾਂ ਸਾਰਿਆਂ ਲਈ ਮਾਣ ਤੇ ਸਤਿਕਾਰ ਵਾਲੀ ਇਤਿਹਾਸਕ ਕਾਰਵਾਈ ਹੈ। ਇਹ ਜਿੱਤ ਇਟਲੀ ਦੇ ਭਾਰਤੀਆਂ  ਨੂੰ ਪਹਿਲਾਂ ਨਾਲੋ ਵੀ ਵਧੇਰੇ ਮਿਹਨਤੀ ਅਤੇ ਜੋਸ਼ੀਲੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।ਇਸ ਜਿੱਤ ਨਾਲ ਲਵਪ੍ਰੀਤ ਕੌਰ ਭਾਰਤ ਦੇਸ਼ ਦੀ ਇਟਾਲੀਅਨ ਲੋਕਾਂ ਵਿੱਚ ਛਵੀ ਨੂੰ ਪਹਿਲਾਂ ਨਾਲੋਂ ਹੋਰ ਵੀ ਵਧੀਆ ਬਣਾਏਗੀ। 
PunjabKesari

ਮੈਡਮ ਸੰਧੂ ਨੇ ਕਿਹਾ ਕਿ ਭਾਰਤੀ ਅੰਬੈਂਸੀ ਰੋਮ ਸਦਾ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਦੇ ਹਰ ਦੁੱਖ-ਸੁੱਖ ਵਿੱਚ ਚੱਟਾਨ ਵਾਂਗ ਸੇਵਾ ਵਿੱਚ ਸਦਾ ਹਾਜ਼ਰ ਹੈ ਅਤੇ ਇਟਲੀ ਦੇ ਭਾਰਤੀ ਨੌਜਵਾਨਾਂ ਨੂੰੰ ਇਟਲੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰਨ ਲਈ ਉਤਸ਼ਾਹਿਤ ਕਰਦੀ ਰਹੇਗੀ। ਇਸ ਮੌਕੇ ਲਵਪ੍ਰੀਤ ਕੌਰ , ਉਨ੍ਹਾਂ ਦੇ ਮਾਤਾ ਸੁਰਿੰਦਰ ਕੌਰ, ਪਿਤਾ ਪਰਮਜੀਤ ਸਿੰਘ ਤੇ ਜਸਵਿੰਦਰ ਸਿੰਘ, ਅਮਨਦੀਪ ਸਿੰਘ, ਕਮਲਜੀਤ ਸਿੰਘ, ਹੁਸਨ ਲਾਲ, ਜਸਵੀਰ ਸਿੰਘ , ਸਰਬਜੀਤ ਸਿੰਘ ਅਤੇ ਕੁਲਵੀਰ ਸਿੰਘ ਵੱਲੋਂ ਮੈਡਮ ਰੀਤਨ ਸੰਧੂ ਦਾ ਸੇਫਰੋ ਸਹਿਰ ਪਹੁੰਦਣ 'ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।


Related News