ਭਾਰਤ-ਜਾਪਾਨ ਵਿਚਾਲੇ ਰੱਖਿਆ ਸਬੰਧ ਹੋਏ ਹੋਰ ਮਜ਼ਬੂਤ: ''ਵੀਰ ਗਾਰਡੀਅਨ 2026'' ਹਵਾਈ ਅਭਿਆਸ ਨੇਪਰੇ ਚੜ੍ਹਿਆ
Thursday, Oct 01, 2026 - 04:08 PM (IST)
ਇੰਟਰਨੈਸ਼ਨਲ ਡੈਸਕ : ਭਾਰਤ ਤੇ ਜਾਪਾਨ ਦਰਮਿਆਨ 'ਵੀਰ ਗਾਰਡੀਅਨ 2026' ਦੁਵੱਲਾ ਹਵਾਈ ਅਭਿਆਸ 22 ਸਤੰਬਰ ਨੂੰ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ, ਜੋ ਦੋਵਾਂ ਦੇਸ਼ਾਂ ਦੇ ਵਧਦੇ ਰੱਖਿਆ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ ਹੈ । ਇਹ ਨਵਾਂ ਅਭਿਆਸ ਦੋਵਾਂ ਦੇਸ਼ਾਂ ਦੇ ਫੌਜੀ ਸਹਿਯੋਗ ਨੂੰ ਪੁਰਾਣੇ ਕੋਸਟ ਗਾਰਡ ਪੱਧਰ ਤੋਂ ਕਾਫ਼ੀ ਅੱਗੇ ਵਧਾਉਂਦਾ ਹੈ।
ਇਸ ਅਭਿਆਸ ਵਿੱਚ ਭਾਰਤੀ ਹਵਾਈ ਫੌਜ ਨੇ ਆਪਣੇ Su-30MKI, ਫਰਾਂਸ ਤੋਂ ਪ੍ਰਾਪਤ ਰਾਫੇਲ ਅਤੇ ਭਾਰਤ ਦੇ ਸਦੇਸ਼ੀ ਲੜਾਕੂ ਜਹਾਜ਼ 'ਤੇਜਸ' ਦੀ ਤਾਇਨਾਤੀ ਕੀਤੀ। ਦੂਜੇ ਪਾਸੇ, ਜਾਪਾਨੀ ਹਵਾਈ ਫੌਜ ਨੇ ਪਹਿਲੀ ਵਾਰ ਆਪਣੇ ਫਰੰਟਲਾਈਨ ਮਿਤਸੁਬਿਸ਼ੀ F-2A ਲੜਾਕੂ ਜਹਾਜ਼ ਭਾਰਤ ਭੇਜੇ, ਜੋ ਅਮਰੀਕਾ ਦੀ ਲਾਕਹੀਡ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਹਨ।
ਇਹ 'ਵੀਰ ਗਾਰਡੀਅਨ' ਸੀਰੀਜ਼ ਦਾ ਦੂਜਾ ਅਭਿਆਸ ਸੀ। ਇਸ ਦਾ ਪਹਿਲਾ ਅਭਿਆਸ ਜਨਵਰੀ 2023 ਵਿੱਚ ਜਾਪਾਨ ਦੇ ਹਯਾਕੁਰੀ ਏਅਰ ਬੇਸ ਵਿਖੇ ਕੀਤਾ ਗਿਆ ਸੀ। ਸਤੰਬਰ 2022 ਵਿੱਚ ਟੋਕੀਓ ਵਿਖੇ ਹੋਈ ਦੂਜੀ '2+2' ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੁਆਰਾ ਰੱਖਿਆ ਸਹਿਯੋਗ ਵਧਾਉਣ ਅਤੇ ਵੱਧ ਤੋਂ ਵੱਧ ਫੌਜੀ ਅਭਿਆਸ ਕਰਨ ਦਾ ਸਮਝੌਤਾ ਕੀਤਾ ਗਿਆ ਸੀ। ਸੀਤ ਯੁੱਧ ਦੇ ਖਾਤਮੇ ਤੋਂ ਬਾਅਦ ਹੀ ਭਾਰਤ ਅਤੇ ਜਾਪਾਨ ਵਿਚਾਲੇ ਆਪਸੀ ਰਣਨੀਤਕ ਨੇੜਤਾ ਲਗਾਤਾਰ ਵਧ ਰਹੀ ਹੈ।
