ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ ’ਤੇ
Tuesday, Sep 22, 2026 - 10:46 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਵਿਸ਼ਵ ਪੱਧਰੀ ਹਵਾਈ ਯਾਤਰਾ ਖੇਤਰ ਵਿੱਚ ਸਿੰਗਾਪੁਰ ਏਅਰਲਾਈਨਜ਼ ਨੇ ਮੁੜ ਆਪਣਾ ਦਬਦਬਾ ਕਾਇਮ ਕਰਦਿਆਂ 2026 ਦੇ ਸਕਾਈਟ੍ਰੈਕਸ ਵਿਸ਼ਵ ਹਵਾਈ ਕੰਪਨੀ ਪੁਰਸਕਾਰਾਂ ਵਿੱਚ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ ਦਾ ਖ਼ਿਤਾਬ ਹਾਸਲ ਕੀਤਾ ਹੈ। ਲੰਡਨ ਵਿੱਚ ਹੋਏ ਪੁਰਸਕਾਰ ਸਮਾਗਮ ਦੌਰਾਨ ਐਲਾਨੇ ਨਤੀਜਿਆਂ ਮੁਤਾਬਕ ਸਿੰਗਾਪੁਰ ਏਅਰਲਾਈਨਜ਼ ਛੇਵੀਂ ਵਾਰ ਇਸ ਸਨਮਾਨ ਦੀ ਹੱਕਦਾਰ ਬਣੀ ਹੈ।
ਪਿਛਲੇ ਸਾਲ ਦੀ ਜੇਤੂ ਕਤਰ ਏਅਰਵੇਜ਼ ਇਸ ਵਾਰ ਦੂਜੇ ਅਤੇ ਕੈਥੇ ਪੈਸਿਫਿਕ ਤੀਜੇ ਸਥਾਨ ’ਤੇ ਰਹੀ। ਏਐਨਏ ਆਲ ਨਿਪੋਨ ਏਅਰਵੇਜ਼ ਚੌਥੇ ਅਤੇ ਤੁਰਕੀਸ਼ ਏਅਰਲਾਈਨਜ਼ ਪੰਜਵੇਂ ਸਥਾਨ ’ਤੇ ਰਹੀਆਂ। ਚੋਟੀ ਦੀਆਂ 10 ਹਵਾਈ ਕੰਪਨੀਆਂ ਵਿੱਚ ਐਮੀਰੇਟਸ ਛੇਵੇਂ, ਏਅਰ ਫਰਾਂਸ ਸੱਤਵੇਂ, ਹੈਨਾਨ ਏਅਰਲਾਈਨਜ਼ ਅੱਠਵੇਂ, ਜਪਾਨ ਏਅਰਲਾਈਨਜ਼ ਨੌਵੇਂ ਅਤੇ ਕੋਰੀਅਨ ਏਅਰ ਦਸਵੇਂ ਸਥਾਨ ’ਤੇ ਰਹੀ।
ਸਿੰਗਾਪੁਰ ਏਅਰਲਾਈਨਜ਼ ਨੂੰ ਸਮੁੱਚੀ ਦਰਜਾਬੰਦੀ ਤੋਂ ਇਲਾਵਾ ਸਰਵੋਤਮ ਇਕਾਨਮੀ ਕਲਾਸ, ਇਕਾਨਮੀ ਕਲਾਸ ਵਿੱਚ ਸਰਵੋਤਮ ਭੋਜਨ ਸੇਵਾ ਅਤੇ ਏਸ਼ੀਆ ਦੀ ਸਰਵੋਤਮ ਹਵਾਈ ਕੰਪਨੀ ਸਮੇਤ ਕਈ ਸਨਮਾਨ ਮਿਲੇ। ਕਤਰ ਏਅਰਵੇਜ਼ ਨੂੰ ਦੁਨੀਆ ਦੀ ਸਰਵੋਤਮ ਬਿਜ਼ਨਸ ਕਲਾਸ ਹਵਾਈ ਕੰਪਨੀ ਦਾ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਜਹਾਜ਼ ਅੰਦਰ ਸਰਵੋਤਮ ਵਾਈ-ਫਾਈ ਸਹੂਲਤ ਸਮੇਤ ਇਸ ਨੂੰ ਕੁੱਲ ਚਾਰ ਪ੍ਰਮੁੱਖ ਸਨਮਾਨ ਪ੍ਰਾਪਤ ਹੋਏ। ਕੈਥੇ ਪੈਸਿਫਿਕ ਨੂੰ ਦੁਨੀਆ ਦੇ ਸਰਵੋਤਮ ਕੈਬਿਨ ਕਰੂ (ਕਰਮਚਾਰੀ) ਦਾ ਪੁਰਸਕਾਰ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਨਹੀਂ ਉਡਣਗੇ ਈਰਾਨੀ ਏਅਰਲਾਈਨਜ਼ ਦੇ ਜਹਾਜ਼ ! ਅਮਰੀਕਾ ਨੇ ਕਰ'ਤਾ ਵੱਡਾ ਐਲਾਨ
ਆਸਟ੍ਰੇਲੀਆਈ ਹਵਾਈ ਕੰਪਨੀਆਂ ਵਿੱਚ ਕਵਾਂਟਸ ਏਅਰਵੇਜ਼ ਨੇ ਵਿਸ਼ਵ ਪੱਧਰ ’ਤੇ 12ਵਾਂ ਸਥਾਨ ਹਾਸਲ ਕੀਤਾ। ਇਸ ਨੂੰ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਦੀ ਸਰਵੋਤਮ ਹਵਾਈ ਕੰਪਨੀ ਅਤੇ ਸਰਵੋਤਮ ਕਰਮਚਾਰੀ ਸੇਵਾ ਦੇ ਸਨਮਾਨ ਵੀ ਮਿਲੇ। ਇਸੇ ਤਰ੍ਹਾਂ ਵਰਜਿਨ ਆਸਟ੍ਰੇਲੀਆ ਨੂੰ ਦੁਨੀਆ ਦੀ ਤੀਜੀ ਸਰਵੋਤਮ ਖੇਤਰੀ ਹਵਾਈ ਕੰਪਨੀ ਚੁਣਿਆ ਗਿਆ।
ਭਾਰਤ ਦੀ ਏਅਰ ਇੰਡੀਆ ਨੇ ਵੀ ਇਸ ਸਾਲ ਦੀ ਦਰਜਾਬੰਦੀ ਵਿੱਚ ਮਹੱਤਵਪੂਰਨ ਤਰੱਕੀ ਦਰਜ ਕੀਤੀ ਹੈ। ਏਅਰ ਇੰਡੀਆ ਵਿਸ਼ਵ ਦੀਆਂ ਚੋਟੀ ਦੀਆਂ 100 ਹਵਾਈ ਕੰਪਨੀਆਂ ਵਿੱਚ 57ਵੇਂ ਸਥਾਨ ’ਤੇ ਰਹੀ, ਜਦਕਿ ਪਿਛਲੇ ਸਾਲ ਇਹ 84ਵੇਂ ਸਥਾਨ ’ਤੇ ਸੀ। ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਭਾਰਤ ਅਤੇ ਦੱਖਣੀ ਏਸ਼ੀਆ ਦੀ ਸਰਵੋਤਮ ਹਵਾਈ ਕੰਪਨੀ ਦਾ ਸਨਮਾਨ ਵੀ ਮਿਲਿਆ।
ਸਕਾਈਟ੍ਰੈਕਸ ਮੁਤਾਬਕ 2026 ਦੀ ਇਹ ਦਰਜਾਬੰਦੀ ਸਤੰਬਰ 2025 ਤੋਂ ਅਗਸਤ 2026 ਤੱਕ ਕਰਵਾਏ ਗਏ ਵਿਸ਼ਵਵਿਆਪੀ ਯਾਤਰੀ ਸਰਵੇਖਣ ਦੇ ਨਤੀਜਿਆਂ ’ਤੇ ਆਧਾਰਿਤ ਹੈ। ਇਸ ਸਰਵੇਖਣ ਵਿੱਚ 300 ਤੋਂ ਵੱਧ ਹਵਾਈ ਕੰਪਨੀਆਂ ਦੀਆਂ ਸੇਵਾਵਾਂ ਦਾ ਯਾਤਰੀਆਂ ਵੱਲੋਂ ਮੁਲਾਂਕਣ ਕੀਤਾ ਗਿਆ। ਯਾਤਰੀਆਂ ਦੇ ਅਸਲ ਤਜਰਬੇ ਅਤੇ ਸੇਵਾ ਦੀ ਗੁਣਵੱਤਾ ’ਤੇ ਆਧਾਰਿਤ ਸਕਾਈਟ੍ਰੈਕਸ ਵਰਲਡ ਏਅਰਲਾਈਨ ਅਵਾਰਡਜ਼ ਦੀ ਇਹ ਦਰਜਾਬੰਦੀ ਹਵਾਈ ਯਾਤਰਾ ਉਦਯੋਗ ਵਿੱਚ ਵਿਸ਼ਵ ਪੱਧਰ ’ਤੇ ਪ੍ਰਮੁੱਖ ਮੰਨੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
