ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

Thursday, Oct 01, 2026 - 05:35 PM (IST)

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

ਨੈਸ਼ਨਲ ਡੈਸਕ- ਭਾਰਤੀ ਸਮੁੰਦਰੀ ਫ਼ੌਜ ਦੇ ਸਟੀਲਥ ਫ੍ਰੀਗੇਟ INS ਤ੍ਰਿਸ਼ੂਲ ਨੇ ਫਰਾਂਸ ਦੇ ਟੂਲੌਨ 'ਚ ਆਯੋਜਿਤ ਦੋ-ਪੱਖੀ ਫ਼ੌਜੀ ਅਭਿਆਸ 'ਵਰੁਣ' ਦੇ 24ਵੇਂ ਸੈਸ਼ਨ 'ਚ ਹਿੱਸਾ ਲਿਆ। 22 ਤੋਂ 28 ਸਤੰਬਰ ਤੱਕ ਚੱਲੇ ਇਸ ਸਾਲਾਨਾ ਯੁੱਧ-ਅਭਿਆਸ ਦਾ ਉਦੇਸ਼ ਭਾਰਤ ਅਤੇ ਫਰਾਂਸ ਦੀਆਂ ਸਮੁੰਦਰੀ ਫ਼ੌਜਾਂ ਵਿਚਾਲੇ ਸਮੁੰਦਰੀ ਸਹਿਯੋਗ, ਆਪਸੀ ਤਾਲਮੇਲ ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ।

ਸਮੁੰਦਰ 'ਚ ਅਭਿਆਸ ਦੌਰਾਨ INS ਤ੍ਰਿਸ਼ੂਲ ਨੇ ਫ੍ਰੈਂਚ ਨੇਵੀ ਦੇ ਪ੍ਰਮੁੱਖ ਜੰਗੀ ਜਹਾਜ਼ਾਂ FDA Forbin, FLF La Fayette, SNA Suffren, NH90 ਹੈਲੀਕਾਪਟਰਾਂ ਅਤੇ ਅਟਲਾਂਟਿਕ 2 ਸਮੁੰਦਰੀ ਜਹਾਜ਼ਾਂ ਨਾਲ ਸਾਂਝਾ ਯੁੱਧ-ਅਭਿਆਸ ਕੀਤਾ। INS ਤ੍ਰਿਸ਼ੂਲ ਦੇ ਕਮਾਂਡਿੰਗ ਅਫ਼ਸਰ ਅਤੇ ਕਰੂ ਮੈਂਬਰਾਂ ਨੇ ਮਾਰਸੇਲੇ ਸਥਿਤ ਮਜ਼ਾਰਗੁਏਸ ਵਾਰ ਮੈਮੋਰੀਅਲ 'ਚ ਜਾ ਕੇ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ 205 ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

22 ਸਤੰਬਰ ਨੂੰ ਟੂਲੌਨ ਬੰਦਰਗਾਹ 'ਤੇ ਪਹੁੰਚਣ 'ਤੇ ਫਰੈਂਚ ਨੇਵੀ ਦੁਆਰਾ INS ਤ੍ਰਿਸ਼ੂਲ ਦਾ ਵਾਟਰ ਕੈਨਨ ਸਲੂਟ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਜਹਾਜ਼ 'ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ 'ਚ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ INS ਤ੍ਰਿਸ਼ੂਲ ਦਾ ਨਾਂ ਭਗਵਾਨ ਸ਼ਿਵ ਦੇ ਸ਼ਸਤਰ 'ਤ੍ਰਿਸ਼ੂਲ' ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਤਲਵਾਰ-ਸ਼੍ਰੇਣੀ ਦਾ ਦੂਜਾ ਸਟੀਲਥ ਫ੍ਰੀਗੇਟ ਹੈ, ਜਿਸ ਨੂੰ ਜੂਨ 2003 ਵਿੱਚ ਭਾਰਤੀ ਨੇਵੀ 'ਚ ਸ਼ਾਮਲ ਕੀਤਾ ਗਿਆ ਸੀ। 4,000 ਟਨ ਵਜ਼ਨ ਅਤੇ 125 ਮੀਟਰ ਲੰਬਾਈ ਵਾਲਾ ਇਹ ਜੰਗੀ ਜਹਾਜ਼ ਰਡਾਰ ਤੋਂ ਬਚਣ 'ਚ ਮਾਹਿਰ ਹੈ ਅਤੇ 30 ਨੌਟਸ (Knots) ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। 


author

Harpreet SIngh

Content Editor

Related News