ਭਾਰਤ ਨੇ ਸੇਂਧਾ ਲੂਣ ਲੈਣਾ ਕੀਤਾ ਬੰਦ, ਦੁਨੀਆ ਦੀਆਂ ਮਿੰਨਤਾਂ ਕਰ ਰਿਹੈ ਪਾਕਿਸਤਾਨ

Sunday, Jun 22, 2025 - 04:16 AM (IST)

ਭਾਰਤ ਨੇ ਸੇਂਧਾ ਲੂਣ ਲੈਣਾ ਕੀਤਾ ਬੰਦ, ਦੁਨੀਆ ਦੀਆਂ ਮਿੰਨਤਾਂ ਕਰ ਰਿਹੈ ਪਾਕਿਸਤਾਨ

ਨਵੀਂ ਦਿੱਲੀ - ਸੇਂਧਾ ਲੂਣ ਦੀ ਖਾਸ ਕਿਸਮ ‘ਹਿਮਾਲੀਅਨ ਪਿੰਕ ਸਾਲਟ’ ਦੇ ਐਕਸਪੋਰਟ ’ਤੇ ਭਾਰਤ ’ਚ ਰੋਕ ਲਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਸਥਾਨਕ ਕਾਰੋਬਾਰੀ ਹੁਣ ਇਸ ਨੂੰ ਵੇਚਣ ਲਈ ਦੁਨੀਆ ਦੀਆਂ ਮਿੰਨਤਾਂ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ  ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲੋਂ ਵਪਾਰਕ ਸਬੰਧ ਪੂਰੀ ਤਰ੍ਹਾਂ ਤੋੜ ਦਿੱਤੇ ਹਨ। ਇਸ ਹਮਲੇ ’ਚ 26 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਇਸ ਖਾਸ ਕਿਸਮ ਦੇ ਸੇਂਧਾ ਲੂਣ ਦੇ ਦੁਨੀਆ  ਦੇ ਸਭ ਤੋਂ ਵੱਡੇ ਉਤਪਾਦਕਾਂ ਅਤੇ ਬਰਾਮਦਕਾਰਾਂ ’ਚੋਂ ਇਕ ਹੈ।  ਪੰਜਾਬ ਸੂਬੇ ’ਚ ਸਥਿਤ ਖੇਵੜਾ ’ਚ ਪਾਕਿਸਤਾਨ ਦੀ ਸਭ ਤੋਂ ਵੱਡੀ ਸੇਂਧਾ ਲੂਣ ਦੀ ਖਾਨ ਹੈ ਅਤੇ ਇਸ ’ਚ 30 ਪ੍ਰੋਸੈਸਿੰਗ ਯੂਨਿਟ ਹਨ। 

 ਪਾਕਿਸਤਾਨ ਨੇ ਸਾਲ 2024 ’ਚ ਕੁੱਲ 3,50,000 ਟਨ ਸੇਂਧਾ ਲੂਣ ਦੀ ਬਰਾਮਦ ਕੀਤੀ ਸੀ, ਜਿਸ ਦੀ ਅੰਦਾਜ਼ਨ ਕੀਮਤ 12 ਕਰੋੜ ਡਾਲਰ ਹੈ। ਪਹਿਲਗਾਮ ਅੱਤਵਾਦੀ ਹਮਲੇ  ਤੋਂ ਬਾਅਦ ਲੱਗੀਆਂ ਵਪਾਰ ਪਾਬੰਦੀਆਂ ਨਾਲ ਇਨ੍ਹਾਂ ਸੇਂਧਾ ਲੂਣ ਦੇ ਬਰਾਮਦਕਾਰਾਂ ਨੂੰ ਝਟਕਾ ਲੱਗਾ ਹੈ, ਜਿਸ ਦੀ ਭਾਰਤ ’ਚ ਕਾਫ਼ੀ ਮੰਗ ਹੈ। ਸੇਂਧਾ ਲੂਣ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਬਰਾਮਦਕਾਰ ਗਨੀ ਇੰਟਰਨੈਸ਼ਨਲ  ਦੇ ਸੀਨੀਅਰ ਡਾਇਰੈਕਟਰ ਮੰਸੂਰ ਅਹਿਮਦ  ਨੇ ਕਿਹਾ, ‘‘ਭਾਰਤ ਪਾਕਿਸਤਾਨ ਤੋਂ ਇਸ ਸੇਂਧਾ ਲੂਣ ਦਾ ਸਭ ਤੋਂ ਵੱਡਾ ਦਰਾਮਦਕਾਰ ਰਿਹਾ ਹੈ। ਰੋਕ ਦਾ ਮਤਲਬ ਹੈ ਕਿ ਉਸ ਦੇਸ਼ ਨੂੰ ਕੋਈ ਬਰਾਮਦ ਨਹੀਂ ਹੋ ਰਹੀ ਹੈ।’’

ਪਾਕਿਸਤਾਨ ’ਚ ਹੀ ਹੁੰਦਾ ਹੈ ਹਿਮਾਲੀਅਨ ਸੇਂਧਾ ਲੂਣ ਦਾ ਉਤਪਾਦਨ
ਮੰਸੂਰ ਨੇ ਕਿਹਾ ਕਿ ਭਾਰਤ, ਪਾਕਿਸਤਾਨ ਅਤੇ ਚੀਨ ਦੇ ਨਾਲ ਲੂਣ  ਦੇ ਸਿਖਰਲੇ 3 ਬਰਾਮਦਕਾਰਾਂ ’ਚ ਸ਼ਾਮਲ ਹੈ ਪਰ ਸਿਰਫ ਪਾਕਿਸਤਾਨ ਹੀ ਹਿਮਾਲੀਅਨ ਸੇਂਧਾ ਲੂਣ ਦਾ ਉਤਪਾਦਨ ਕਰਦਾ ਹੈ, ਭਾਰਤ ਜਾਂ ਚੀਨ ਨਹੀਂ। ਹਾਲਾਂਕਿ, ਪਾਕਿਸਤਾਨ ਦੇ ਬਰਾਮਦਕਾਰ ਇਸ ਰੋਕ ਤੋਂ ਚਿੰਤਤ ਨਹੀਂ ਹਨ, ਕਿਉਂਕਿ ਇਸ ’ਚ ਉਨ੍ਹਾਂ ਨੂੰ ਉਮੀਦ ਦੀ ਕਿਰਨ ਵਿਖਾਈ  ਦੇ ਰਹੀ ਹੈ। ਪਾਕਿਸਤਾਨ ਲੂਣ ਨਿਰਮਾਤਾ ਸੰਗਠਨ (ਐੱਸ. ਐੱਮ. ਏ. ਪੀ.) ਦੀ ਮੁਖੀ ਸਾਇਮਾ ਅਖਤਰ ਨੇ ਕਿਹਾ ਕਿ ਪਾਕਿਸਤਾਨ ਦੇ ਸੇਂਧਾ ਲੂਣ ਦੀ ਪਹਿਲਾਂ ਤੋਂ ਹੀ ਵਿਸ਼ਵ ਪੱਧਰ ’ਤੇ ਭਾਰੀ ਮੰਗ ਹੈ, ਕਿਉਂਕਿ ਇਸ ਦੇ ਸਿਹਤ ਨੂੰ ਕਈ ਤਰ੍ਹਾਂ  ਦੇ ਫਾਇਦੇ ਹੁੰਦੇ ਹਨ। ਜਦੋਂ ਅਸੀਂ ਇਸ ਨੂੰ ਭਾਰਤ ’ਚ ਬਰਾਮਦ ਕੀਤਾ, ਤਾਂ ਭਾਰਤੀ ਪ੍ਰਚੂਨ ਬਾਜ਼ਾਰ ’ਚ ਲੂਣ 45 ਤੋਂ 50 ਰੁਪਏ ਪ੍ਰਤੀ ਕਿੱਲੋ ’ਤੇ ਵੇਚਿਆ ਗਿਆ। ਹੁਣ ਇਸ ਨੂੰ 70 ਤੋਂ 80 ਰੁਪਏ ਪ੍ਰਤੀ ਕਿੱਲੋ ’ਤੇ ਵੇਚਿਆ ਜਾ ਰਿਹਾ ਹੈ।’’

ਅਮਰੀਕਾ, ਵਿਅਤਨਾਮ, ਚੀਨ ਸਮੇਤ ਇਨ੍ਹਾਂ ਦੇਸ਼ਾਂ ’ਚ ਬਰਾਮਦ ਦੀ ਕੋਸ਼ਿਸ਼ ਤੇਜ਼
ਸੇਂਧਾ ਲੂਣ ਦੀ ਪ੍ਰਮੁੱਖ ਉਤਪਾਦਕ ਅਤੇ ਬਰਾਮਦਕਾਰ ਫਰਮ ਇਤੇਫਾਕ ਕੰਪਨੀਜ਼  ਦੇ ਸੀ. ਈ. ਓ. ਸ਼ਹਿਜ਼ਾਦ ਜਾਵੇਦ ਨੇ ਕਿਹਾ ਕਿ 2025 ਦੀ ਪਹਿਲੀ ਤਿਮਾਹੀ ’ਚ ਚੀਨ ਨੂੰ ਪਾਕਿਸਤਾਨ ਤੋਂ ਸੇਂਧਾ ਲੂਣ ਦੀ ਬਰਾਮਦ ਵਧ ਗਈ ਹੈ। ਜਾਵੇਦ ਨੇ ਕਿਹਾ ਕਿ ਮਾਰਚ ਤਿਮਾਹੀ ’ਚ 18.3 ਲੱਖ ਡਾਲਰ ਮੁੱਲ ਦਾ ਲੱਗਭਗ 136.4 ਕਰੋਡ਼ ਕਿੱਲੋ ਲੂਣ ਚੀਨ ਨੂੰ ਬਰਾਮਦ ਕੀਤਾ ਗਿਆ, ਜੋ 2024 ਦੀ ਇਸ ਮਿਆਦ  ਦੇ ਮੁਕਾਬਲੇ 40 ਫ਼ੀਸਦੀ ਜ਼ਿਆਦਾ ਹੈ। 
ਉਨ੍ਹਾਂ ਕਿਹਾ, ‘‘ਅਸੀਂ ਹੁਣ ਅਮਰੀਕਾ, ਵਿਅਤਨਾਮ, ਚੀਨ, ਮਲੇਸ਼ੀਆ, ਆਸਟ੍ਰੇਲੀਆ, ਤੁਰਕੀ, ਨੀਦਰਲੈਂਡ, ਇਟਲੀ, ਬ੍ਰਿਟੇਨ, ਜਰਮਨੀ, ਬ੍ਰਾਜ਼ੀਲ, ਸੰਯੁਕਤ ਅਰਬ ਅਮੀਰਾਤ, ਜਾਪਾਨ, ਸਿੰਗਾਪੁਰ, ਚਿਲੀ, ਦੱਖਣ ਅਫਰੀਕਾ, ਰੂਸ ਨੂੰ ਬਰਾਮਦ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਰੇ ਸੇਂਧਾ ਲੂਣ  ਦੇ ਪ੍ਰਮੁੱਖ ਦਰਾਮਦਕਾਰ ਹਨ।’’


author

Inder Prajapati

Content Editor

Related News