ਪਾਕਿਸਤਾਨ ''ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

Monday, Aug 10, 2026 - 01:33 PM (IST)

ਪਾਕਿਸਤਾਨ ''ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਅੱਜ ਭਾਵੇਂ ਆਪਣੀ ਪਛਾਣ ਇੱਕ ਇਸਲਾਮਿਕ ਸ਼ਹਿਰ ਵਜੋਂ ਰੱਖਦਾ ਹੈ, ਪਰ ਇੱਕ ਸਦੀ ਪਹਿਲਾਂ ਇੱਥੋਂ ਦੇ ਸੱਭਿਆਚਾਰ ਵਿੱਚ ਯਹੂਦੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਸੂਤਰਾਂ ਅਨੁਸਾਰ, ਕਰਾਚੀ ਕਦੇ 'ਬੇਨੇ ਇਜ਼ਰਾਈਲ' ਯਹੂਦੀਆਂ ਦਾ ਘਰ ਹੁੰਦਾ ਸੀ, ਜੋ ਮੂਲ ਰੂਪ ਵਿੱਚ ਭਾਰਤ ਦੇ ਪੱਛਮੀ ਹਿੱਸੇ ਤੋਂ ਵਪਾਰਕ ਮੌਕਿਆਂ ਦੀ ਭਾਲ ਵਿੱਚ ਇੱਥੇ ਆ ਕੇ ਵਸੇ ਸਨ।

ਕਰਾਚੀ ਵਿੱਚ ਯਹੂਦੀ ਜੀਵਨ ਦਾ ਧੁਰਾ 'ਮੈਗੇਨ ਸ਼ਾਲੋਮ' ਸਿਨਾਗੋਗ (ਯਹੂਦੀ ਇਬਾਦਤਗਾਹ) ਸੀ, ਜਿਸ ਦੀ ਸਥਾਪਨਾ 1893 ਵਿੱਚ ਸੁਲੇਮਾਨ ਡੇਵਿਡ ਉਮਰਦੇਕਰ ਨੇ ਕੀਤੀ ਸੀ। ਇਹ ਸਿਰਫ਼ ਇੱਕ ਧਾਰਮਿਕ ਅਸਥਾਨ ਹੀ ਨਹੀਂ ਸੀ, ਸਗੋਂ ਇਹ ਇੱਕ ਸਕੂਲ, ਮੀਟਿੰਗ ਹਾਲ ਅਤੇ ਸਮਾਜਿਕ ਕੇਂਦਰ ਵਜੋਂ ਵੀ ਕੰਮ ਕਰਦਾ ਸੀ। 19ਵੀਂ ਸਦੀ ਦੇ ਅਖੀਰ ਵਿੱਚ ਇੱਥੇ ਯਹੂਦੀਆਂ ਦੀ ਗਿਣਤੀ ਲਗਭਗ 2,500 ਦੇ ਕਰੀਬ ਦੱਸੀ ਜਾਂਦੀ ਹੈ। ਯਹੂਦੀ ਭਾਈਚਾਰਾ ਕਰਾਚੀ ਦੇ ਪ੍ਰਸ਼ਾਸਨ ਅਤੇ ਵਿਕਾਸ ਵਿੱਚ ਬਹੁਤ ਜ਼ਿਆਦਾ ਰਚਿਆ-ਮਿਚਿਆ ਹੋਇਆ ਸੀ। ਅਬਰਾਹਮ ਰੂਬੇਨ ਵਰਗੇ ਯਹੂਦੀ ਆਗੂ ਕਰਾਚੀ ਮਿਉਂਸਪਲ ਕਾਰਪੋਰੇਸ਼ਨ ਦੇ ਮੈਂਬਰ ਰਹੇ ਸਨ। ਇੰਨਾ ਹੀ ਨਹੀਂ, ਕਰਾਚੀ ਦੀਆਂ ਕਈ ਇਤਿਹਾਸਕ ਇਮਾਰਤਾਂ, ਜਿਵੇਂ ਕਿ 'ਫਲੈਗਸਟਾਫ ਹਾਊਸ' (ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੱਨਾਹ ਨਾਲ ਸਬੰਧਤ ਹੈ), ਦਾ ਡਿਜ਼ਾਈਨ ਪ੍ਰਸਿੱਧ ਯਹੂਦੀ ਆਰਕੀਟੈਕਟ ਮੋਸੇਸ ਸੋਮਕੇ ਨੇ ਤਿਆਰ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ-   ਨਹੀਂ ਬਣ ਰਹੀ ਗੱਲ ! ਇਜ਼ਰਾਈਲ ਨੇ ਟਰੰਪ ਦੀ ਗਾਜ਼ਾ ਯੋਜਨਾ ਨੂੰ ਕਰ'ਤਾ ਰੱਦ 

ਭਾਰਤ-ਪਾਕਿਸਤਾਨ ਦੀ ਵੰਡ (1947) ਵੇਲੇ ਯਹੂਦੀਆਂ ਨੂੰ ਕੋਈ ਖ਼ਾਸ ਮੁਸ਼ਕਲ ਪੇਸ਼ ਨਹੀਂ ਆਈ ਸੀ, ਪਰ 1948 ਵਿੱਚ ਇਜ਼ਰਾਈਲ ਦੇ ਗਠਨ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਅਰਬ-ਇਜ਼ਰਾਈਲ ਸੰਘਰਸ਼ ਕਾਰਨ ਪਾਕਿਸਤਾਨ ਵਿੱਚ ਯਹੂਦੀਆਂ ਵਿਰੁੱਧ ਪ੍ਰਦਰਸ਼ਨ ਹੋਣ ਲੱਗੇ ਅਤੇ 'ਮੈਗੇਨ ਸ਼ਾਲੋਮ' ਸਿਨਾਗੋਗ 'ਤੇ ਵੀ ਹਮਲਾ ਹੋਇਆ। ਇਸ ਤੋਂ ਬਾਅਦ ਯਹੂਦੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਵੱਲੋਂ ਇਜ਼ਰਾਈਲ ਨੂੰ ਮਾਨਤਾ ਨਾ ਦਿੱਤੇ ਜਾਣ ਕਾਰਨ, ਯਹੂਦੀ ਪਰਿਵਾਰਾਂ ਲਈ ਇਜ਼ਰਾਈਲ ਜਾਣਾ ਸੌਖਾ ਨਹੀਂ ਸੀ। ਕਈ ਪਰਿਵਾਰ ਭਾਰਤ, ਬ੍ਰਿਟੇਨ ਜਾਂ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਬੰਬਈ (ਮੁੰਬਈ) ਜਾਂ ਤੇਹਰਾਨ (ਈਰਾਨ) ਰਾਹੀਂ ਗੁਪਤ ਤਰੀਕੇ ਨਾਲ ਇਜ਼ਰਾਈਲ ਪਹੁੰਚੇ। ਅੱਜ ਕਰਾਚੀ ਵਿੱਚੋਂ ਇਹ ਭਾਈਚਾਰਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਅਤੇ ਉਹ ਇਤਿਹਾਸਕ ਸਿਨਾਗੋਗ ਵੀ ਢਾਹ ਦਿੱਤਾ ਗਿਆ ਹੈ। ਅੱਜ ਦੇ ਪਾਕਿਸਤਾਨੀ ਸ਼ਾਇਦ ਹੀ ਇਸ ਗੱਲ ਤੋਂ ਜਾਣੂ ਹੋਣ ਕਿ ਯਹੂਦੀ ਕਦੇ ਉਨ੍ਹਾਂ ਦੇ ਦੇਸ਼ ਦਾ ਅਹਿਮ ਹਿੱਸਾ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News