''ਬੰਗਲਾਦੇਸ਼ ਬਣਦਾ ਜਾ ਰਿਹੈ ਦੂਜਾ ਪਾਕਿਸਤਾਨ..!'', ਸ਼ੇਖ ਹਸੀਨਾ ਦੇ ਪੁੱਤਰ ਨੇ ਦੱਸਿਆ ''ਵੱਡਾ ਖ਼ਤਰਾ''

Thursday, Aug 06, 2026 - 05:25 PM (IST)

''ਬੰਗਲਾਦੇਸ਼ ਬਣਦਾ ਜਾ ਰਿਹੈ ਦੂਜਾ ਪਾਕਿਸਤਾਨ..!'', ਸ਼ੇਖ ਹਸੀਨਾ ਦੇ ਪੁੱਤਰ ਨੇ ਦੱਸਿਆ ''ਵੱਡਾ ਖ਼ਤਰਾ''

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਪੁੱਤਰ ਅਤੇ ਅਵਾਮੀ ਲੀਗ ਦੇ ਸੀਨੀਅਰ ਨੇਤਾ ਸੰਜੀਬ ਵਾਜੇਦ ਜੋਏ ਨੇ ਭਾਰਤ ਨੂੰ ਚੌਕਸ ਕਰਦਿਆਂ ਦਾਅਵਾ ਕੀਤਾ ਹੈ ਕਿ ਬੰਗਲਾਦੇਸ਼ ਹੁਣ ਭਾਰਤ ਦੀ ਪੂਰਬੀ ਸਰਹੱਦ 'ਤੇ "ਦੂਜਾ ਪਾਕਿਸਤਾਨ" ਬਣਦਾ ਜਾ ਰਿਹਾ ਹੈ। ਨਵੀਂ ਦਿੱਲੀ 'ਚ 'ਫ਼ੌਰਨ ਕਾਰੇਸਪੌਂਡੈਂਟਸ ਕਲੱਬ' (FCC) ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਬੰਗਲਾਦੇਸ਼ ਦੀ ਵਿਗੜ ਰਹੀ ਸੁਰੱਖਿਆ ਸਥਿਤੀ ਪੂਰੇ ਦੱਖਣੀ ਏਸ਼ੀਆ ਲਈ ਵੱਡਾ ਖ਼ਤਰਾ ਹੈ।

ਸੰਜੀਬ ਵਾਜੇਦ ਜੋਏ ਨੇ ਇਲਜ਼ਾਮ ਲਾਇਆ ਕਿ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਮੌਜੂਦਾ ਅੰਤਰਿਮ ਸਰਕਾਰ ਅਧੀਨ ਪਾਕਿਸਤਾਨ ਦੀ ਖ਼ੁਫੀਆ ਏਜੰਸੀ ISI ਨੂੰ ਬੰਗਲਾਦੇਸ਼ ਵਿੱਚ ਖੁੱਲ੍ਹ ਕੇ ਕੰਮ ਕਰਨ ਦੀ ਛੋਟ ਮਿਲ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਸੀਨਾ ਸਰਕਾਰ ਦੌਰਾਨ ਜੇਲ੍ਹਾਂ 'ਚ ਬੰਦ ਕੀਤੇ ਗਏ ਸੈਂਕੜੇ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜੋਏ ਨੇ ਕਿਹਾ ਕਿ ਹਿਜ਼ਬ ਉਤ-ਤਹਿਰੀਰ ਵਰਗੇ ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਹੁਣ ਖੁੱਲ੍ਹੇਆਮ ਰੈਲੀਆਂ ਕੱਢ ਰਹੇ ਹਨ ਅਤੇ ਅਲ-ਕਾਇਦਾ ਨਾਲ ਜੁੜੇ ਲੋਕ ਜਨਤਕ ਮੰਚਾਂ ਤੋਂ ਭਾਸ਼ਣ ਦੇ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਅਗਲੀ ਪੀੜ੍ਹੀ ਦੇ ਅੰਤਰਰਾਸ਼ਟਰੀ ਅੱਤਵਾਦੀ ਬੰਗਲਾਦੇਸ਼ ਤੋਂ ਪੈਦਾ ਹੋਣਗੇ।

ਇਹ ਵੀ ਪੜ੍ਹੋ- ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ

ਇਸੇ ਪ੍ਰੈੱਸ ਕਾਨਫਰੰਸ ਦੌਰਾਨ ਸ਼ੇਖ਼ ਹਸੀਨਾ ਨੇ ਵੀ ਆਪਣੀ ਗੱਲ ਰੱਖੀ। ਅਗਸਤ 2024 'ਚ ਦੇਸ਼ ਛੱਡ ਕੇ ਭਾਰਤ ਆਉਣ ਤੋਂ ਬਾਅਦ ਆਪਣੇ ਪਹਿਲੇ ਵੱਡੇ ਜਨਤਕ ਸੰਬੋਧਨ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਉਹ ਦਸੰਬਰ ਮਹੀਨੇ ਬੰਗਲਾਦੇਸ਼ ਵਾਪਸ ਪਰਤਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜਾਨ ਨੂੰ ਖ਼ਤਰੇ ਅਤੇ ਜੇਲ੍ਹ ਜਾਣ ਦੀ ਪਰਵਾਹ ਕੀਤੇ ਬਿਨਾਂ ਆਪਣੇ ਲੋਕਾਂ ਦੀ ਸੇਵਾ ਲਈ ਵਾਪਸ ਜਾਣਗੇ।

ਜੋਏ ਨੇ ਇਲਜ਼ਾਮ ਲਾਇਆ ਕਿ ਬੰਗਲਾਦੇਸ਼ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਅਤੇ ਇਹ ਇੱਕ 'ਨਾਕਾਮ ਦੇਸ਼' ਬਣ ਚੁੱਕਾ ਹੈ। ਅਵਾਮੀ ਲੀਗ ਦੇ ਨੇਤਾਵਾਂ ਅਤੇ ਸਮਰਥਕਾਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਸਿਆਸੀ ਕਤਲਾਂ ਨੂੰ ਇੱਕ ਤਰ੍ਹਾਂ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। 

ਸੰਜੀਬ ਵਾਜੇਦ ਜੋਏ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸ਼ੇਖ਼ ਹਸੀਨਾ ਨੂੰ ਪੂਰਾ ਸਤਿਕਾਰ ਅਤੇ ਸੁਰੱਖਿਆ ਦਿੱਤੀ ਹੈ। ਉਨ੍ਹਾਂ ਭਾਰਤੀ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਆਪਣੀ ਆਵਾਜ਼ ਬੁਲੰਦ ਕਰਨ।

ਇਹ ਵੀ ਪੜ੍ਹੋ- ਇਕ ਪਾਸੇ ਵਿਕਾਸ ਤੇ ਦੂਜੇ ਪਾਸੇ 'ਆਟੇ' ਪਿੱਛੇ ਗੋਲ਼ੀਆਂ ! 370 ਹਟਣ ਮਗਰੋਂ ਕਿੰਨਾ ਬਦਲ ਗਿਆ ਜੰਮੂ-ਕਸ਼ਮੀਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News