ਬਲੋਚਿਸਤਾਨ ਹੁਣ ਪਾਕਿਸਤਾਨ ਦਾ ਸਭ ਤੋਂ ਖਤਰਨਾਕ ਸੂਬਾ

Friday, Aug 07, 2026 - 01:42 PM (IST)

ਬਲੋਚਿਸਤਾਨ ਹੁਣ ਪਾਕਿਸਤਾਨ ਦਾ ਸਭ ਤੋਂ ਖਤਰਨਾਕ ਸੂਬਾ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦਾ ਬਲੋਚਿਸਤਾਨ ਸੂਬਾ ਇਸ ਸਮੇਂ ਭਿਆਨਕ ਹਿੰਸਾ ਦੀ ਲਪੇਟ ਵਿੱਚ ਹੈ। ਜੁਲਾਈ 2026 ਦਾ ਮਹੀਨਾ ਇਸ ਸੂਬੇ ਲਈ ਹੁਣ ਤੱਕ ਦਾ ਸਭ ਤੋਂ ਖ਼ੂਨੀ ਮਹੀਨਾ ਸਾਬਤ ਹੋਇਆ ਹੈ। ਸਾਊਥ ਏਸ਼ੀਆ ਟੈਰੋਰਿਜ਼ਮ ਪੋਰਟਲ (SATP) ਦੇ ਅੰਕੜਿਆਂ ਅਨੁਸਾਰ ਇਕੱਲੇ ਜੁਲਾਈ ਮਹੀਨੇ ਵਿੱਚ ਹੀ ਬਲੋਚਿਸਤਾਨ ਵਿੱਚ 176 ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਆਤਮਘਾਤੀ ਧਮਾਕੇ, ਡਰੋਨ ਹਮਲੇ ਅਤੇ ਗੁੰਝਲਦਾਰ ਘਾਤ ਲਗਾ ਕੇ ਕੀਤੇ ਗਏ ਹਮਲੇ ਸ਼ਾਮਲ ਹਨ।

ਰਿਪੋਰਟਾਂ ਅਨੁਸਾਰ ਇਹਨਾਂ ਹਮਲਿਆਂ ਵਿੱਚ ਕੁੱਲ 438 ਲੋਕਾਂ ਦੀ ਜਾਨ ਗਈ ਹੈ, ਜਿਨ੍ਹਾਂ ਵਿੱਚ 127 ਸੁਰੱਖਿਆ ਕਰਮਚਾਰੀ ਵੀ ਸ਼ਾਮਲ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਦਾ ਸਭ ਤੋਂ ਵੱਧ ਅਸ਼ਾਂਤ ਖੇਤਰ ਬਣ ਗਿਆ ਹੈ, ਜਿਸ ਨੇ ਹਿੰਸਾ ਦੇ ਮਾਮਲੇ ਵਿੱਚ ਖੈਬਰ ਪਖਤੂਨਖਵਾ (KPK) ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੌਰਾਨ KPK ਵਿੱਚ 143 ਹਿੰਸਕ ਘਟਨਾਵਾਂ ਵਿੱਚ 244 ਮੌਤਾਂ ਦਰਜ ਕੀਤੀਆਂ ਗਈਆਂ ਸਨ।

ਪੜ੍ਹੋ ਇਹ ਅਹਿਮ ਖ਼ਬਰ-   ਅਮਰੀਕਾ 'ਚ ਹਾਈਕਿੰਗ ਟ੍ਰਿਪ ਬਣਿਆ ਆਖਰੀ ਸਫ਼ਰ ! ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਸੂਤਰਾਂ ਅਨੁਸਾਰ ਹਿੰਸਾ ਦਾ ਘੇਰਾ ਹੁਣ ਬਲੋਚਿਸਤਾਨ ਦੇ ਪਸ਼ਤੂਨ ਇਲਾਕਿਆਂ ਤੱਕ ਵੀ ਫੈਲ ਗਿਆ ਹੈ, ਜਿੱਥੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਤੇਜ਼ੀ ਨਾਲ ਆਪਣਾ ਆਧਾਰ ਮਜ਼ਬੂਤ ਕਰ ਰਿਹਾ ਹੈ। TTP ਵੱਲੋਂ ਸਾਬਕਾ ਅਫਗਾਨ ਨੈਸ਼ਨਲ ਆਰਮੀ (ANA) ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ, ਜੋ ਕਿ ਤਾਲਿਬਾਨ ਵਿਰੁੱਧ ਮੁੜ ਜਥੇਬੰਦ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧੜੇ ਹੁਣ ਉਨ੍ਹਾਂ ਰਿਹਾਇਸ਼ੀ ਕੰਪਲੈਕਸਾਂ ਦੀ ਵਰਤੋਂ ਕਰ ਰਹੇ ਹਨ, ਜਿੱਥੇ ਕਦੇ ਤਾਲਿਬਾਨ ਦੀ 'ਕੁਏਟਾ ਸ਼ੂਰਾ' ਸਿਖਲਾਈ ਲੈਂਦੀ ਸੀ। ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਦੇ ਅੰਕੜੇ ਹੋਰ ਵੀ ਚਿੰਤਾਜਨਕ ਹਨ। ਪਿਛਲੇ ਸੱਤ ਮਹੀਨਿਆਂ ਵਿੱਚ ਬਲੋਚਿਸਤਾਨ ਵਿੱਚ ਕੁੱਲ 765 ਹਿੰਸਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਹੁਣ ਤੱਕ 1,600 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਮੁਕਾਬਲੇ ਖੈਬਰ ਪਖਤੂਨਖਵਾ ਵਿੱਚ ਇਸੇ ਸਮੇਂ ਦੌਰਾਨ 574 ਹਮਲਿਆਂ ਵਿੱਚ 1,196 ਮੌਤਾਂ ਹੋਈਆਂ ਹਨ। ਮਾਹਿਰਾਂ ਅਨੁਸਾਰ ਅੱਤਵਾਦੀਆਂ ਵੱਲੋਂ ਆਧੁਨਿਕ ਹਥਿਆਰਾਂ ਅਤੇ ਡਰੋਨਾਂ ਦੀ ਵਰਤੋਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News