WHO ਦੀ ਸਲਾਹ, ਭਾਰਤ ''ਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਤੁਰੰਤ ਚੁੱਕੇ ਜਾਣ ਕਦਮ

12/18/2019 7:32:12 PM

ਮੈਡਰਿਡ- ਵਿਸ਼ਵ ਸਿਹਤ ਸੰਗਠਨ ਦੀ ਡਾਇਰੈਕਟਰ ਮਾਰੀਆ ਨੀਰਾ ਨੇ ਕਿਹਾ ਕਿ ਭਾਰਤ ਦੇ ਕਈ ਸ਼ਹਿਰਾਂ ਵਿਚ ਜ਼ਹਿਰੀਲੀ ਹਵਾ ਦਾ ਪੱਧਰ ਤੈਅ ਦਿਸ਼ਾ ਨਿਰਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਜਿਸ ਦੇ ਚੱਲਦੇ 'ਤੁਰੰਤ ਕਦਮ' ਚੁੱਕੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਦਾ ਲੋਕਾਂ ਦੀ ਸਿਹਤ 'ਤੇ ਗਹਿਰਾ ਅਸਰ ਪੈ ਰਿਹਾ ਹੈ।

ਡਬਲਿਊ.ਐਚ.ਓ., ਸੈਂਟਰ ਫਾਰ ਸਾਈਂਸ ਐਂਡ ਦ ਲਾਂਸੇਟ ਜਿਹੇ ਹੋਰ ਪ੍ਰਕਾਸ਼ਨਾਂ ਨੇ ਆਪਣੇ ਅਧਿਐਨ ਵਿਚ ਭਾਰਤ ਵਿਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਪ੍ਰਦੂਸ਼ਣ ਨਾਲ ਜੋੜਿਆ ਹੈ। ਹਾਲਾਂਕਿ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਹਾਲ ਹੀ ਵਿਚ ਸੰਸਦ ਨੂੰ ਦੱਸਿਆ ਸੀ ਕਿ ਪ੍ਰਦੂਸ਼ਣ ਤੇ ਜੀਵਨ ਦੀ ਉਮੀਦ ਵਿਚ ਕਮੀ ਦੇ ਵਿਚਾਲੇ ਕੋਈ ਸਬੰਧ ਨਹੀਂ ਹੈ। ਲੋਕਸਭਾ ਵਿਚ ਮੰਤਰੀ ਦੇ ਭਾਸ਼ਣ ਦੇ ਬਾਰੇ ਵਿਚ ਪੁੱਛਣ 'ਤੇ ਨੀਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਬੇਹੱਦ ਵਿਗਿਆਨਕ ਸਬੂਤ ਸਾਨੂੰ ਦੱਸਦਾ ਹੈ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸਿਹਤ 'ਤੇ ਅਸਰ ਹੁੰਦਾ ਹੈ। ਨੀਰਾ ਨੇ ਕਿਹਾ ਕਿ ਸੁਤੰਤਰ ਰੂਪ ਨਾਲ ਚਾਹੇ ਜਿਸ ਢੰਗ ਦੀ ਵਰਤੋਂ ਕੀਤੀ ਜਾਵੇ ਜਾਂ ਜੋ ਵੀ ਅਨੁਮਾਨ ਹੋਵੇ, ਤੁਰੰਤ ਕਦਮ ਚੁੱਕਣਾ ਜ਼ਰੂਰੀ ਹੈ, ਕਿਉਂਕਿ ਭਾਰਤ ਦੇ ਕੁਝ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ ਤੇ ਨਿਸ਼ਚਿਤ ਰੂਪ ਨਾਲ ਇਸ ਦਾ ਲੋਕਾਂ ਦੀ ਸਿਹਤ 'ਤੇ ਅਸਰ ਹੋ ਰਿਹਾ ਹੈ। 

ਨੀਰਾ ਨੇ ਕਿਹਾ ਕਿ ਇਸ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪ੍ਰਦੂਸ਼ਣ ਘੱਟ ਕਰਨ ਤੇ ਪ੍ਰਦੂਸ਼ਣ ਨਾਲ ਹੋ ਰਹੇ ਨਾਗਰਿਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਨੂੰ ਘੱਟ ਕਰਨ ਦੇ ਉਪਾਅ ਕੀਤੇ ਜਾਣ। ਖਾਸ ਕਰਕੇ ਉਹਨਾਂ ਸ਼ਹਿਰਾਂ ਵਿਚ ਜਿਥੇ ਹਵਾ ਪ੍ਰਦੂਸ਼ਣ ਦਾ ਪੱਧਰ ਡਬਲਿਊ.ਐਚ.ਓ. ਦੇ ਤੈਅ ਦਿਸ਼ਾ ਨਿਰਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਉਪਾਵਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਜਿੰਨੀ ਦੇਰ ਕਰਾਂਗੇ, ਸਾਨੂੰ ਉਨੀਆਂ ਹੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਨੀਰਾ ਨੇ ਉਮੀਦ ਜਤਾਈ ਕਿ ਭਾਰਤ ਸਰਕਾਰ ਪ੍ਰਦੂਸ਼ਣ ਨੂੰ ਕਾਬੂ ਵਿਚ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।


Baljit Singh

Content Editor

Related News