ਭਾਰਤ ਨੇ ਅਮਰੀਕਾ ਦੇ ਅੱਧਾ ਦਰਜਨ ਉਤਪਾਦਾਂ ਤੋਂ ‘ਜਵਾਬੀ’ ਡਿਊਟੀ ਹਟਾਈ
Thursday, Sep 07, 2023 - 05:03 PM (IST)

ਨਵੀਂ ਦਿੱਲੀ (ਭਾਸ਼ਾ)– ਭਾਰਤ ਦੇ ਅਮਰੀਕਾ ਦੇ ਲਗਭਗ ਅੱਧਾ ਦਰਜਨ ਉਤਪਾਦਾਂ ’ਤੇ 2019 ’ਚ ਲਗਾਈ ਗਈ ਵਾਧੂ ਡਿਊਟੀ ਹਟਾ ਦਿੱਤੀ ਹੈ। ਅਮਰੀਕਾ ਵਲੋਂ ਭਾਰਤ ਦੇ ਕੁੱਝ ਇਸਪਾਤ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਟੈਕਸ ਵਧਾਉਣ ਦੇ ਫ਼ੈਸਲੇ ਦੇ ਜਵਾਬ ’ਚ ਇਹ ਕਦਮ ਉਠਾਇਆ ਗਿਆ ਸੀ। ਭਾਰਤ ਨੇ 2019 ’ਚ ਅਮਰੀਕਾ ਦੇ ਇਸ ਕਦਮ ਦੇ ਜਵਾਬ ’ਚ ਉਸ ਦੇ 28 ਉਤਪਾਦਾਂ ’ਤੇ ਇਹ ਡਿਊਟੀ ਲਗਾਈ ਸੀ। ਵਿੱਤ ਮੰਤਰਾਲਾ ਦੇ ਪੰਜ ਸਤੰਬਰ ਦੇ ਨੋਟੀਫਿਕੇਸ਼ਨ ’ਚ ਇਨ੍ਹਾਂ ਉਤਪਾਦਾਂ ਤੋਂ ਡਿਊਟੀ ਹਟਾਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ
ਇਨ੍ਹਾਂ ਉਤਪਾਦਾਂ ’ਚ ਛੋਲੇ, ਦਾਲ (ਮਸਰ), ਸੇਬ, ਛਿਲਕੇ ਵਾਲਾ ਅਖਰੋਟ ਅਤੇ ਤਾਜ਼ੇ ਜਾਂ ਸੁੱਕੇ ਬਦਾਮ ਦੇ ਨਾਲ ਹੀ ਛਿਲਕੇ ਵਾਲੇ ਬਦਾਮ ਸ਼ਾਮਲ ਹਨ। ਭਾਰਤ ਨੇ ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਜੀ-20 ਸਿਖਰ ਸੰਮੇਲਨ ਲਈ ਭਾਰਤ ਆਉਣ ਤੋਂ ਪਹਿਲਾਂ ਉਠਾਇਆ ਹੈ। ਬਾਈਡੇਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਪੱਖੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਦੀ ਜੂਨ ’ਚ ਅਧਿਕਾਰਕ ਅਮਰੀਕਾ ਯਾਤਰਾ ’ਤੇ ਦੋਵੇਂ ਦੇਸ਼ਾਂ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਵਿਚ ਛੇ ਵਿਵਾਦਾਂ ਨੂੰ ਖ਼ਤਮ ਕਰਨ ਅਤੇ ਅਮਰੀਕੀ ਉਤਪਾਦਾਂ ’ਤੇ ਲਗਾਏ ਗਏ ਜਵਾਬੀ ਟੈਰਿਫਾਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਸੀ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਸਮਝੌਤੇ ਵਜੋਂ ਭਾਰਤ ਛੋਲਿਆਂ ’ਤੇ 10 ਫ਼ੀਸਦੀ, ਮਸਰ ਦਾਲ ’ਤੇ 20 ਫ਼ੀਸਦੀ, ਤਾਜ਼ੇ ਅਤੇ ਸੁੱਕੇ ਬਾਦਮ ’ਤੇ ਸੱਤ ਰੁਪਏ ਪ੍ਰਤੀ ਕਿਲੋਗ੍ਰਾਮ, ਛਿਲਕੇ ਵਾਲੇ ਬਦਾਮ ’ਤੇ 20 ਰੁਪਏ ਪ੍ਰਤੀ ਕਿਲੋਗ੍ਰਾਮ, ਅਖਰੋਟ ’ਤੇ 20 ਫ਼ੀਸਦੀ ਅਤੇ ਤਾਜ਼ਾ ਸੇਬ ’ਤੇ 20 ਫ਼ੀਸਦੀ ਡਿਊਟੀ ਹਟਾਏਗਾ। ਵਪਾਰ ਅਤੇ ਉਦਯੋਗ ਰਾਜ ਮੰਤਰੀ ਅਨੁਪ੍ਰੀਆ ਪਟੇਲ ਨੇ ਜੁਲਾਈ ’ਚ ਰਾਜਸਭਾ ਵਿੱਚ ਲਿਖਤੀ ਜਵਾਬ ਵਿਚ ਕਿਹਾ ਸੀ ਕਿ ਸਰਕਾਰ ਨੇ ਸੁੱਕੇ, ਤਾਜ਼ੇ, ਛਿਲਕੇ ਵਾਲੇ ਬਦਾਮ, ਅਖਰੋਟ, ਛੋਲੇ, ਮਸਰ, ਸੇਬ, ਬੋਰਿਕ ਐਸਿਡ ਅਤੇ ‘ਮੈਡੀਕਲ ਡਾਇਗਨੋਸਟਿਕ ਰੀਜੈਂਟਸ’ ’ਤੇ ਲਗਾਈ ਗਈ ਕਾਊਂਟਰਵੇਲਿੰਗ ਡਿਊਟੀ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਅਮਰੀਕਾ ਵਿਰੁੱਧ ਲਗਾਈ ਗਈ ਜਵਾਬੀ ਡਿਊਟੀ ਨੂੰ ਖ਼ਤਮ ਕਰਨ ਜਾਂ ਦਰਾਮਦ ਡਿਊਟੀ ਘਟਾਉਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8