ਇਮਰਾਨ ਦੇ ਮੰਤਰੀ ਦੀ ਗਿਦੜ ਭਬਕੀ, ਕਿਹਾ, ''ਭਾਰਤ-ਪਾਕਿ ਵਿਚਾਲੇ ਹੋ ਸਕਦੀ ਹੈ ਜੰਗ''

12/14/2019 4:47:32 PM

ਇਸਲਾਮਾਬਾਦ- ਆਪਣੇ ਬਿਆਨਾਂ ਕਾਰਨ ਖੁਦ ਦਾ ਮਜ਼ਾਕ ਬਣਵਾਉਣ ਵਾਲੇ ਨੇਤਾ, ਯਾਨੀ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਇਕ ਵਾਰ ਮੁੜ ਆਪਣੇ ਬਿਆਨ ਕਾਰਨ ਚਰਚਾ ਵਿਚ ਆ ਗਏ ਹਨ। ਉਹਨਾਂ ਵਲੋਂ ਫਿਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਦੀ ਗੱਲ ਕਹੀ ਗਈ ਹੈ। ਮੰਤਰੀ ਦਾ ਇਹ ਬਿਆਨ ਭਾਰਤ ਵਿਚ ਕੈਬ ਦੇ ਪਾਸ ਹੋਣ ਤੋਂ ਬਾਅਦ ਆਇਆ ਹੈ।

ਭਾਰਤ ਸਰਕਾਰ ਵੱਡੇ ਵਿਰੋਧ ਦੇ ਬਾਵਜੂਦ ਕੈਬ ਨੂੰ ਪਾਸ ਕਰਾਉਣ ਵਿਚ ਸਫਲ ਰਹੀ ਹੈ। ਹਾਲਾਂਕਿ ਦੇਸ਼ ਦੀ ਸੰਸਦ ਤੋਂ ਬਾਹਰ ਵੀ ਇਸ ਦਾ ਵਿਰੋਧ ਹੋਇਆ ਤੇ ਗੁਆਂਢੀ ਦੇਸ਼ ਵੀ ਇਸ 'ਤੇ ਸਵਾਲ ਚੁੱਕ ਰਹੇ ਹਨ। ਸ਼ੇਖ ਰਸ਼ੀਦ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਮੁਸਲਮਾਨਾਂ ਦੇ ਨਾਲ ਇਕਜੁੱਟਤਾ ਦੇ ਨਾਲ ਖੜ੍ਹੇ ਹੋਈਏ। ਇੰਨਾ ਹੀ ਨਹੀਂ ਉਹਨਾਂ ਨੇ ਭਾਰਤੀ ਪ੍ਰਧਾਨ ਮੰਤਰੀ ਲਈ ਹਿਟਲਰ ਜਿਹੇ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਹਨਾਂ ਕਿਹਾ ਕਿ ਮੋਦੀ ਭਾਰਤੀ ਮੁਸਲਮਾਨਾਂ ਦੇ ਲਈ ਸਮੱਸਿਆਵਾਂ ਪੈਦਾ ਕਰ ਰਹੇ ਹਨ, ਇਸ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਮਤਭੇਦ ਵਧੇਗਾ, ਜੋ ਦੋਵਾਂ ਦੇਸ਼ਾਂ ਨੂੰ ਜੰਗ ਵੱਲ ਧਕੇਲ ਸਕਦਾ ਹੈ।

ਸ਼ੇਖ ਰਸ਼ੀਦ ਅਹਿਮਦ ਪਹਿਲਾਂ ਹੀ ਭਾਰਤ ਤੇ ਪਾਕਿਸਤਾਨ ਦੇ ਯੁੱਧ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ। ਭਾਰਤ ਸਰਕਾਰ ਵਲੋਂ ਆਰਟੀਕਲ 370 ਨੂੰ ਜੰਮੂ-ਕਸ਼ਮੀਰ ਤੋਂ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਇਸ ਨੂੰ ਇਕ ਏਜੰਡੇ ਦੇ ਤੌਰ 'ਤੇ ਦੁਨੀਆ ਦੇ ਸਾਹਮਣੇ ਰੱਖਿਆ। ਹਾਲਾਂਕਿ ਕਸ਼ਮੀਰ ਮੁੱਦੇ 'ਤੇ ਦੁਨੀਆ ਭਰ ਵਿਚ ਉਸ ਨੂੰ ਮੂੰਹ ਦੀ ਹੀ ਖਾਣੀ ਪਈ। ਪਾਕਿਸਤਾਨੀ ਪ੍ਰਧਾਨ ਮੰਤਰੀ ਤੋਂ ਲੈ ਕੇ ਨੇਤਾ ਤੇ ਮੰਤਰੀ ਤੱਕ ਸਾਰੇ ਬੌਖਲਾਹਟ ਵਿਚ ਬੇਬੁਨਿਆਦ ਬਿਆਨ ਦੇ ਰਹੇ ਹਨ। ਦੱਸ ਦਈਏ ਇਹ ਉਹੀ ਰਸ਼ੀਦ ਅਹਿਮਦ ਹਨ ਜਿਹਨਾਂ ਨੇ ਭਾਰਤ ਦੇ ਖਿਲਾਫ ਗਲਤ ਬਿਆਨ ਦੇਣ 'ਤੇ ਲੰਡਨ ਵਿਚ ਜੁੱਤੀਆਂ ਨਾਲ ਪਿਟੇ ਸਨ ਤੇ ਉਹਨਾਂ 'ਤੇ ਅੰਡੇ ਸੁੱਟੇ ਗਏ ਸਨ।


Baljit Singh

Edited By Baljit Singh