ਤਾਲਿਬਾਨ ਦੇ ਸਮਰਥਨ ’ਚ ਆਏ ਭਾਰਤ-ਪਾਕਿ, ਟਰੰਪ ਦੇ ਬਗਰਾਮ ਏਅਰਬੇਸ ਮੰਗਣ ਦਾ ਕੀਤਾ ਵਿਰੋਧ
Thursday, Oct 09, 2025 - 04:34 AM (IST)

ਮਾਸਕੋ - ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਯੋਜਨਾ ਦਾ ਵਿਰੋਧ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਅਫਗਾਨਿਸਤਾਨ ਤੋਂ ਬਗਰਾਮ ਏਅਰਬੇਸ ਵਾਪਸ ਲੈਣ ਦੀ ਗੱਲ ਕਹੀ ਸੀ। ਇਸ ਮੁੱਦੇ ’ਤੇ ਤਾਲਿਬਾਨ, ਪਾਕਿਸਤਾਨ, ਚੀਨ ਅਤੇ ਰੂਸ ਨੇ ਭਾਰਤ ਦਾ ਸਮਰਥਨ ਕੀਤਾ ਹੈ।
ਇਹ ਬਿਆਨ ਮੰਗਲਵਾਰ ਨੂੰ ਮਾਸਕੋ ’ਚ ਹੋਈ ‘ਮਾਸਕੋ ਫਾਰਮੈਟ ਕੰਸਲਟੇਸ਼ਨਜ਼’ ਦੀ ਮੀਟਿੰਗ ਤੋਂ ਬਾਅਦ ਆਇਆ, ਜਿਸ ’ਚ ਭਾਰਤ, ਅਫਗਾਨਿਸਤਾਨ, ਈਰਾਨ, ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਪਾਕਿਸਤਾਨ, ਰੂਸ, ਤਾਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧੀ ਸ਼ਾਮਲ ਸਨ। ਮਾਸਕੋ ਫਾਰਮੈਟ ਦੇ ਬਿਆਨ ’ਚ ਕਿਹਾ ਗਿਆ-ਕਿਸੇ ਵੀ ਦੇਸ਼ ਨੂੰ ਅਫਗਾਨਿਸਤਾਨ ਜਾਂ ਉਸ ਦੇ ਗੁਆਂਢੀ ਦੇਸ਼ਾਂ ’ਚ ਆਪਣੀਆਂ ਫੌਜੀ ਸਹੂਲਤਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਠੀਕ ਨਹੀਂ ਹੈ। ਹਾਲਾਂਕਿ ਬਿਆਨ ’ਚ ਬਗਰਾਮ ਦਾ ਨਾਂ ਨਹੀਂ ਲਿਆ ਗਿਆ ਪਰ ਇਹ ਟਰੰਪ ਦੀ ਯੋਜਨਾ ਦੇ ਵਿਰੁੱਧ ਇਕ ਸਪੱਸ਼ਟ ਸੰਦੇਸ਼ ਸੀ। ਭਾਰਤ ਵੱਲੋਂ ਵਿਦੇਸ਼ ਮੰਤਰਾਲੇ ’ਚ ਅਫਗਾਨਿਸਤਾਨ ਅਤੇ ਪਾਕਿਸਤਾਨ ਮਾਮਲਿਆਂ ਦੇ ਡਿਪਟੀ ਸੈਕਟਰੀ ਜੇ.ਪੀ. ਸਿੰਘ ਇਸ ਮੀਟਿੰਗ ’ਚ ਸ਼ਾਮਲ ਹੋਏ ਸਨ।