ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਤੇ ਜਰਮਨੀ ’ਚ 15 ਅਗਸਤ ਮੌਕੇ ਭਾਰਤੀ ਆਜ਼ਾਦੀ ਦਿਹਾੜੇ ਦਾ ਵਿਰੋਧ

Sunday, Aug 16, 2026 - 05:13 PM (IST)

ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਤੇ ਜਰਮਨੀ ’ਚ 15 ਅਗਸਤ ਮੌਕੇ ਭਾਰਤੀ ਆਜ਼ਾਦੀ ਦਿਹਾੜੇ ਦਾ ਵਿਰੋਧ

ਲੰਡਨ/ਟੋਰਾਂਟੋ/ਵਾਸ਼ਿੰਗਟਨ/ਰੋਮ/ਫਰੈਂਕਫਰਟ (ਸਰਬਜੀਤ ਸਿੰਘ ਬਨੂੜ)- ਭਾਰਤ ਦੇ ਆਜ਼ਾਦੀ ਦਿਵਸ ਮੌਕੇ ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਅਤੇ ਜਰਮਨੀ ਵਿਚ ਵੱਸਦੇ ਸਿੱਖ ਭਾਈਚਾਰੇ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਭਾਰਤੀ ਦੇ 80ਵੇਂ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਭਾਰਤ ਅੰਦਰ ਸਿੱਖਾਂ, ਕਸ਼ਮੀਰੀਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀਆਂ ਕਥਿਤ ਉਲੰਘਣਾਵਾਂ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਉਠਾਇਆ।

PunjabKesari

ਇੰਗਲੈਂਡ ਵਿਚ ਸਿੱਖਸ ਫਾਰ ਜਸਟਿਸ ਦੇ ਸੱਦੇ ’ਤੇ ਦਲ ਖ਼ਾਲਸਾ ਇੰਟਰਨੈਸ਼ਨਲ, ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਅਤੇ ਹੋਰ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਰਤੀ ਸਫ਼ਾਰਤਖ਼ਾਨੇ ਬਾਹਰ ਜਬਰਦਸਤ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਸ਼ਮੀਰੀ ਆਗੂਆਂ ਅਤੇ ਕਾਰਕੁਨਾਂ ਨੇ ਵੀ ਹਾਜ਼ਰੀ ਭਰਦਿਆਂ ਭਾਰਤ ਅੰਦਰ ਹੋ ਰਹੀਆਂ ਕਥਿਤ ਮਨੁੱਖੀ ਅਧਿਕਾਰ ਉਲੰਘਣਾਵਾਂ ਖ਼ਿਲਾਫ਼ ਸਿੱਖ ਜਥੇਬੰਦੀਆਂ ਨਾਲ ਸਾਂਝੀ ਆਵਾਜ਼ ਬੁਲੰਦ ਕੀਤੀ।

PunjabKesari

ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਭਾਈ ਦਪਿੰਦਰਜੀਤ ਸਿੰਘ, ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਕੋਆਡੀਨੇਟਰ ਭਾਈ ਜੋਗਾ ਸਿੰਘ , ਭਾਈ ਜਸਬੀਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਲਵਸਿੰਦਰ ਸਿੰਘ ਡੱਲੇਵਾਲ, ਭਾਈ ਨਿਰਮਲ ਸਿੰਘ, ਭਾਈ ਜੀਤਾ ਸਿੰਘ, ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਕੁਲਵੰਤ ਸਿੰਘ ਮੁਠੱਡਾ ਨੇ ਭਾਰਤੀ ਆਜ਼ਾਦੀ ਦਿਹਾੜੇ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਸਿੱਖਾਂ ਅਤੇ ਕਸ਼ਮੀਰੀਆਂ ਨੂੰ ਸਵੈ-ਨਿਰਣੇ ਤੇ ਆਜ਼ਾਦੀ ਦਾ ਹੱਕ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਦਾ ਲੋਕਤੰਤਰੀ ਅਤੇ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਅਤੇ ਕਸ਼ਮੀਰੀ ਭਾਈਚਾਰੇ ਮਨੁੱਖੀ ਅਧਿਕਾਰਾਂ, ਇਨਸਾਫ਼ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਕੌਮਾਂਤਰੀ ਮੰਚਾਂ 'ਤੇ ਮਿਲ ਕੇ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।

PunjabKesari

ਜਰਮਨੀ ਦੇ ਫਰੈਂਕਫਰਟ ਸਥਿਤ ਭਾਰਤੀ ਕੌਂਸਲੇਟ ਸਾਹਮਣੇ ਹੋਏ ਭਾਰੀ ਰੋਸ ਮੁਜ਼ਾਹਰੇ ਦੌਰਾਨ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਰਤੀ ਅਧਿਕਾਰੀਆਂ ਵੱਲੋਂ ਮਨਾਏ ਜਾ ਰਹੇ ਆਜ਼ਾਦੀ ਦਿਵਸ ਦੇ ਜਸ਼ਨਾਂ ਦਾ ਵਿਰੋਧ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਰਤੀ ਲੋਕਤੰਤਰ ਦੇ ਦਾਅਵਿਆਂ ਦੇ ਉਲਟ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਸਮੇਤ ਵੱਖ-ਵੱਖ ਘੱਟ ਗਿਣਤੀ ਭਾਈਚਾਰਿਆਂ ਨੂੰ ਜ਼ੁਲਮਾਂ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ਬੁਲਾਰਿਆਂ ਨੇ ਪੰਜਾਬ ਅਤੇ ਹੋਰ ਸੂਬਿਆਂ ਵਿਚ ਸਿੱਖਾਂ, ਜੰਮੂ-ਕਸ਼ਮੀਰ ਵਿਚ ਮੁਸਲਮਾਨਾਂ, ਮਨੀਪੁਰ ਤੇ ਨਾਗਾਲੈਂਡ ਵਿਚ ਈਸਾਈਆਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਦਿਵਾਸੀਆਂ ਤੇ ਦਲਿਤਾਂ ਨਾਲ ਹੋਈਆਂ ਕਥਿਤ ਵਧੀਕੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਿੱਖਾਂ ਨੂੰ ਆਜ਼ਾਦੀ ਮਿਲਣ ਤੋਂ ਕੁਝ ਮਹੀਨਿਆਂ ਬਾਅਦ ਹੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗ ਪਿਆ ਸੀ।

PunjabKesari

ਪੰਥਕ ਬੁਲਾਰਿਆਂ ਨੇ ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫ਼ੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਪੰਜਾਬ ਵਿਚ ਚੱਲੇ ਦਮਨ ਦੇ ਦੌਰ ਦਾ ਜ਼ਿਕਰ ਕਰਦਿਆਂ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ। ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਚ ਰੋਸ ਪ੍ਰਗਟਾਉਣ ਵਾਲੇ ਸਿੱਖਾਂ ਉੱਤੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਸੀਨੀਅਰ ਪੰਥਕ ਆਗੂ ਸਿਮਰਨਜੀਤ ਸਿੰਘ ਮਾਨ ਨਾਲ ਵੀ ਕਥਿਤ ਤੌਰ ’ਤੇ ਧੱਕਾ ਕੀਤਾ ਗਿਆ।

ਫਰੈਂਕਫਰਟ ਵਿਖੇ ਸਟੇਜ ਦੀ ਕਾਰਵਾਈ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਨਿਭਾਈ। ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਪ੍ਰਗਟ ਸਿੰਘ ਬੱਬਰ, ਭਾਈ ਦਲਜੀਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਪ੍ਰਤਾਪ ਸਿੰਘ ਅਤੇ ਹਰਜੀਤ ਸਿੰਘ ਲਾਡੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਦਲ ਖ਼ਾਲਸਾ ਜਰਮਨੀ ਦੇ ਪ੍ਰਧਾਨ ਹਰਮੀਤ ਸਿੰਘ, ਅੰਗਰੇਜ਼ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਤੇ ਧਰਮੀ ਫ਼ੌਜੀ ਭਾਈ ਪ੍ਰਿਤਪਾਲ ਸਿੰਘ ਖ਼ਾਲਸਾ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਜਗਤਾਰ ਸਿੰਘ ਮਾਹਲ ਨੇ ਸੰਬੋਧਨ ਕੀਤਾ।
 ਮੁਜ਼ਾਹਰੇ ਵਿਚ ਭਾਈ ਰਾਮਪਾਲ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਵਿੰਦਰ ਸਿੰਘ ਨਡਾਲੋਂ, ਆਸਿਮ ਗੁਜ਼ਰ ਅਤੇ ਹੋਰ ਅਨੇਕਾਂ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।

ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਅਤੇ ਜਰਮਨੀ ਵਿਚ ਆਵਾਜ਼ ਬੁਲੰਦ ਕਰਨ ਵਾਲੇ ਪੰਥਕ ਨੁਮਾਇੰਦਿਆਂ ਨੇ ਕਿਹਾ ਕਿ ਸਿੱਖ ਕੌਮ ਨਾਲ ਸਬੰਧਤ ਰਾਜਨੀਤਕ, ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਨੂੰ ਕੌਮਾਂਤਰੀ ਮੰਚਾਂ 'ਤੇ ਲਗਾਤਾਰ ਉਠਾਇਆ ਜਾਵੇਗਾ। ਸਮਾਗਮ ਦੇ ਅੰਤ ਵਿਚ ਬੁਲਾਰਿਆਂ ਨੇ ਖ਼ਾਲਿਸਤਾਨ ਨੂੰ ਸਿੱਖ ਮਸਲਿਆਂ ਦਾ ਸਿਆਸੀ ਹੱਲ ਦੱਸਦਿਆਂ ਸਿੱਖ ਕੌਮ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਅਤੇ ਆਪਣੀ ਆਜ਼ਾਦੀ ਦੀ ਪ੍ਰਾਪਤੀ ਲਈ ਲੋਕਤੰਤਰੀ ਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਅੱਗੇ ਵਧਾਉਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News