ਕੈਨੇਡਾ 'ਚ ਪੰਜਾਬੀ ਨੌਜਵਾਨ'ਤੇ ਨਸਲੀ ਹਮਲਾ, ਨੱਕ 'ਤੇ ਮਾਰਿਆ ਮੁੱਕਾ ਅਤੇ ਲਾਹ'ਤੀ ਪੱਗ

Tuesday, Aug 11, 2026 - 10:24 AM (IST)

ਕੈਨੇਡਾ 'ਚ ਪੰਜਾਬੀ ਨੌਜਵਾਨ'ਤੇ ਨਸਲੀ ਹਮਲਾ, ਨੱਕ 'ਤੇ ਮਾਰਿਆ ਮੁੱਕਾ ਅਤੇ ਲਾਹ'ਤੀ ਪੱਗ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ਵਿੱਚ ਸਥਿਤ ਇੱਕ ਵਾਲਮਾਰਟ ਸਟੋਰ ਅੰਦਰ ਇੱਕ ਪੰਜਾਬੀ ਸਿੱਖ ਨੌਜਵਾਨ 'ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  9 ਅਗਸਤ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇੱਕ ਗੋਰੇ ਕੈਨੇਡੀਅਨ ਵਿਅਕਤੀ ਨੇ ਪੰਜਾਬੀ ਨੌਜਵਾਨ 'ਤੇ ਨਸਲੀ ਟਿੱਪਣੀ ਕੀਤੀ, ਜਿਸ ਦਾ ਵਿਰੋਧ ਕਰਨ 'ਤੇ ਦੋਵਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਗੋਰੇ ਵਿਅਕਤੀ ਨੇ ਨੌਜਵਾਨ ਨਾਲ ਧੱਕਾਮੁੱਕੀ ਕੀਤੀ, ਜਿਸ ਨਾਲ ਉਸ ਦੀ ਪੱਗ ਲਹਿ ਗਈ ਅਤੇ ਵਾਲ ਖੁੱਲ੍ਹ ਗਏ।

ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਨੌਜਵਾਨ ਨਾਲ ਬਹਿਸ ਹੁੰਦੀ ਅਤੇ ਹਾਥਾਪਾਈ ਹੁੰਦੀ ਸਾਫ਼ ਨਜ਼ਰ ਆ ਰਹੀ ਹੈ। ਜਦੋਂ ਪੰਜਾਬੀ ਨੌਜਵਾਨ ਨੇ ਟਿੱਪਣੀ ਦਾ ਕਾਰਨ ਪੁੱਛਿਆ ਤਾਂ ਗੋਰੇ ਵਿਅਕਤੀ ਨੇ ਉਸ ਦੇ ਨੱਕ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਫਰਸ਼ 'ਤੇ ਡਿੱਗ ਪਿਆ ਅਤੇ ਕਰੀਬ 20 ਮਿੰਟ ਤੱਕ ਉੱਥੇ ਹੀ ਪਿਆ ਰਿਹਾ। ਘਟਨਾ ਸਥਾਨ 'ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਪੰਜਾਬੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। 

ਪੀੜਤ ਦੀ ਮਦਦ ਲਈ ਅੱਗੇ ਆਏ ਲੋਕਾਂ ਨੇ ਦੋਸ਼ ਲਾਇਆ ਕਿ ਘਟਨਾ ਦੇ ਇੱਕ ਘੰਟੇ ਤੋਂ ਵੱਧ ਸਮਾਂ ਬੀਤ ਜਾਣ ਅਤੇ 10 ਤੋਂ ਵੱਧ ਵਾਰ ਫੋਨ ਕਰਨ ਦੇ ਬਾਵਜੂਦ ਕੈਨੇਡੀਅਨ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ। ਬਾਅਦ ਪਹੁੰਚੀ ਐਡਮੰਟਨ ਪੁਲਿਸ ਸਰਵਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੀ ਹੇਟ ਕ੍ਰਾਈਮ ਯੂਨਿਟ ਵੀ ਇਸ ਜਾਂਚ ਵਿੱਚ ਸ਼ਾਮਲ ਕੀਤੀ ਗਈ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਮਲਾ ਕਿਸੇ ਨਸਲੀ ਛੇੜਛਾੜ ਜਾਂ ਨਫ਼ਰਤੀ ਅਪਰਾਧ ਦਾ ਹਿੱਸਾ ਤਾਂ ਨਹੀਂ ਸੀ।

ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪੰਜਾਬੀਆਂ ਵਿਰੁੱਧ ਨਸਲੀ ਹਮਲੇ ਵਧ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਪੱਖਪਾਤੀ ਹੈ। ਇਸ ਘਟਨਾ ਤੋਂ ਬਾਅਦ ਕੈਨੇਡਾ 'ਚ ਰਹਿੰਦੇ ਪੰਜਾਬੀ ਅਤੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਲੋਕਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਐਡਮੰਟਨ ਪੁਲਿਸ ਸੇਵਾ ਵੱਲੋਂ ਇਸ ਮਾਮਲੇ ਵਿਚ ਜ਼ਖਮੀ ਨੌਜਵਾਨ ਦੀ ਪਛਾਣ ਜਾਂ ਦੋਸ਼ੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਕ ਹੋਰ ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News